
ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫਿਰੋਜ਼ਪੁਰ, 18 ਅਗਸਤ : ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਰਾਸ਼ਟਰ ਸੇਵਾ ਦਾ ਸੁਨਹਿਰਾ ਮੌਕਾ ਦਿੰਦੇ ਹੋਏ ਭਾਰਤੀ ਫੌਜ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਰੱਖੀ ਗਈ ਫੌਜ ਦੀ ਭਰਤੀ ਰੈਲੀ ਵਿੱਚ ਵੱਡੀ ਗਿਣਤੀ ’ਚ ਨੌਜਵਾਨ ਉਤਸ਼ਾਹ ਨਾਲ ਭਾਗ ਲੈਣ ਲਈ ਪਹੁੰਚੇ। ਪੰਜਾਬ ਦੇ ਪੰਜ ਜ਼ਿਲਿ੍ਹਆਂ ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਲਈ ਅਗਨੀਵੀਰ ਭਰਤੀ ਰੈਲੀ ਦਾ ਸ਼ਾਨਦਾਰ ਆਗਾਜ਼ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿੱਚ ਹੋਇਆ। ਇਸ ਰੈਲੀ ਦੀ ਅਗਵਾਈ ਗੋਲਡਨ ਐਰੋ ਡਿਵੀਜ਼ਨ ਅਤੇ ਵਜਰਾ ਕੋਰ ਵੱਲੋਂ ਕੀਤੀ ਜਾ ਰਹੀ ਹੈ। ਰੈਲੀ ਦਾ ਸ਼ੁੱਭ ਆਰੰਭ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ, ਐੱਸ.ਐਮ, ਵੀ.ਅੱੈਸ.ਐਮ, ਜਨਰਲ ਅਫ਼ਸਰ ਕਮਾਂਡਿੰਗ ਗੋਲਡਨ ਐਰੋ ਡਿਵੀਜ਼ਨ ਵਲੋਂ ਹਰੀ ਝੰਡੀ ਦਿਖਾ ਕੇ ਕੀਤਾ ਗਿਆ। ਇਸ ਮੌਕੇ ਫ਼ੌਜ, ਸਿਵਲ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ। ਇਹ ਰੈਲੀ 26 ਅਗਸਤ 2025 ਤੱਕ ਜਾਰੀ ਰਹੇਗੀ। ਰੈਲੀ ਦੇ ਆਖਰੀ ਦਿਨ ਪੰਜਾਬ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਉਮੀਦਵਾਰਾਂ ਲਈ ਜ਼ੋਨਲ ਅਤੇ ਕੇਂਦਰੀ ਸ਼੍ਰੇਣੀਆਂ ਜਿਵੇਂ ਕਿ ਜੇਸੀਓ ਧਾਰਮਿਕ ਅਧਿਆਪਕ, ਜੇਸੀਓ ਕੇਟਰਿੰਗ, ਨਰਸਿੰਗ ਸਹਾਇਕ, ਸਿਪਾਹੀ ਫਾਰਮਾ, ਹਵਾਲਦਾਰ ਸਿੱਖਿਆ ਅਤੇ ਹਵਾਲਦਾਰ ਸਰਵੇਖਣ ਆਟੋਮੇਟਿਡ ਕਾਰਟੋਗ੍ਰਾਫਰ ਵਿੱਚ ਭਰਤੀ ਕੀਤੀ ਜਾਵੇਗੀ। ਰੈਲੀ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ, ਅਗਨੀਵੀਰ ਟੈਕਨੀਕਲ ਅਤੇ ਅਗਨੀਵੀਰ ਟਰੇਡਸਮੈਨ (8ਵੀਂ ਅਤੇ 10ਵੀਂ) ਸ਼੍ਰੇਣੀਆਂ ਲਈ ਨੌਜਵਾਨ ਭਾਗ ਲੈ ਰਹੇ ਹਨ। ਰੈਲੀ ਭਰਤੀ ਪ੍ਰਬੰਧਕ ਕਮੇਟੀ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਰੈਲੀ ਵਿਚ ਲਗਭਗ 8000 ਤੋਂ ਵੱਧ ਉਮੀਦਵਾਰ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਯੋਗਤਾ ਟੈੱਸਟ 1.6 ਕਿੱਲੋਮੀਟਰ ਦੌੜ, ਸਰੀਰਕ ਮੁਹਾਰਤ ਟੈੱਸਟ ਅਤੇ ਮੈਡੀਕਲ ਪ੍ਰੀਖਿਆਵਾਂ ਪਾਸ ਕਰਨੀਆਂ ਹੋਣਗੀਆਂ। ਸਿਵਲ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੇ ਤਾਲਮੇਲ ਨਾਲ ਰੈਲੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਮੇਜਰ ਜਨਰਲ ਰਣਜੀਤ ਸਿੰਘ ਮਨਰਾਲ ਨੇ ਕਿਹਾ ਕਿ ਇਹ ਭਰਤੀ ਰੈਲੀ ਕੇਵਲ ਫੌਜ ਵਿਚ ਸ਼ਾਮਿਲ ਹੋਣ ਦਾ ਮੌਕਾ ਨਹੀਂ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਅਤੇ ਅਨੁਸ਼ਾਸਨ ਦੀ ਨਵੀਂ ਰਾਹਦਾਰੀ ਹੈ। ਇਹ ਮੁਹਿੰਮ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਵਿਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਇਸ ਮਹੱਤਵਪੂਰਨ ਰੈਲੀ ਨੇ ਸਰਹੱਦੀ ਜ਼ਿਲਿ੍ਹਆਂ ਦੇ ਨੌਜਵਾਨਾਂ ਵਿੱਚ ਨਵੀਂ ਉਮੀਦ ਜਗਾਈ ਹੈ। ਫੌਜ ਦੀ ਵਰਦੀ ਪਹਿਨਣ ਦਾ ਜਜ਼ਬਾ ਤੇ ਦੇਸ਼ ਭਗਤੀ ਦੀ ਰੂਹ ਨਾਲ ਭਰਪੂਰ ਉਮੀਦਵਾਰ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਤਿਆਰ ਹਨ।



