
ਕਪੂਰਥਲਾ, 7 ਜੂਨ : ਕਪੂਰਥਲਾ ਦੇ ਨਕੋਦਰ ਰੋਡ ’ਤੇ ਪਿੰਡ ਨੱਥੂ ਚਾਹਲ ’ਚ ਸਥਿੱਤ ਇਕ ਆਟਾ ਮਿੱਲ ’ਚ ਦੇਰ ਰਾਤ ਚੋਰੀ ਦੀ ਨੀਯਤ ਨਾਲ ਕੰਧ ਤੋੜ ਕੇ ਦਾਖ਼ਲ ਹੋਏ ਚੋਰਾਂ ਤੇ ਸੁਰੱਖਿਆ ਗਾਰਡ ਵਿਚਾਲੇ ਫਾਇਰਿੰਗ ਹੋ ਗਈ। ਇਸ ਦੌਰਾਨ ਸੁਰੱਖਿਆ ਗਾਰਡ ਵੱਲੋਂ ਰੋਕਣ ’ਤੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ, ਉੱਥੇ ਹੀ ਸਕਿਊਰਿਟੀ ਗਾਰਡ ਨੇ ਵੀ ਆਤਮ ਰੱਖਿਆ ਤਹਿਤ ਫਾਇਰਿੰਗ ਕੀਤੀ ਤਾਂ ਇਕ ਚੋਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਥਾਣਾ ਸਦਰ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਸੀਸੀਟੀਵੀ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਦੀ ਪੁਸ਼ਟੀ ਐੱਸਐੱਸਪੀ ਗੌਰਵ ਤੂਰਾ ਨੇ ਵੀ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ-ਨਕੋਦਰ ਰੋਡ ’ਤੇ ਸਥਿੱਤ ਪਿੰਡ ਨੱਥੂਚਾਹਲ ’ਚ ਸਥਿੱਤ ਆਟਾ ਮਿੱਲ ’ਚ ਦੇਰ ਰਾਤ ਦੋ-ਤਿੰਨ ਬਦਮਾਸ਼ ਪਿੱਛੇ ਦੀ ਕੰਧ ਤੋੜ ਕੇ ਚੋਰੀ ਕਰਨ ਦੀ ਨੀਯਤ ਨਾਲ ਅੰਦਰ ਦਾਖ਼ਲ ਹੋਏ, ਜਿਸ ਦਾ ਮਿੱਲ ਦੇ ਸੁਰੱਖਿਆ ਗਾਰਡ ਵੱਲੋਂ ਵਿਰੋਧ ਕਰਨ ’ਤੇ ਬਦਮਾਸ਼ਾਂ ਨੇ ਸੁਰੱਖਿਆ ਗਾਰਡ ’ਤੇ ਫਾਇਰਿੰਗ ਕਰ ਦਿੱਤੀ। ਇਸੇ ਦੌਰਾਨ ਸੁਰੱਖਿਆ ਗਾਰਡ ਨੇ ਵੀ ਆਤਮ ਰੱਖਿਆ ਤਹਿਤ ਫਾਇਰਿੰਗ ਕੀਤੀ। ਇਸ ਘਟਨਾ ’ਚ ਇਕ ਚੋਰ ਦੀ ਮੌਤ ਵੀ ਹੋ ਗਈ ਹੈ ਅਤੇ ਇਸ ਦੇ ਦੋ ਹੋਰ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ, ਫਿਲਹਾਲ ਮ੍ਰਿਤਕ ਚੋਰ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਅਣਪਛਾਤਾ ਵਿਅਕਤੀ, ਜਿਸ ਦੇ ਪ੍ਰਿਟਿੰਡ ਸ਼ਰਟ ਰੰਗ ਹਰਾ ਤੇ ਚਿੱਟਾ ਅਤੇ ਕਾਲੇ ਰੰਗ ਦਾ ਪਜਾਮਾ ਜਿਸ ’ਚ ਚਿੱਟੀਆਂ ਧਾਰੀਆਂ ਸਨ, ਪਾਇਆ ਹੋਇਆ ਹੈ ਅਤੇ ਜਿਸ ਦੀ ਇਕ ਬਾਂਹ ’ਤੇ ਅੰਗਰੇਜ਼ੀ ’ਚ ਕਮਲ ਅਤੇ ਦੂਸਰੀ ਬਾਹ ’ਤੇ ਅੰਗਰੇਜ਼ੀ ਵਿਚ ਐੱਸ ਸੈਮ ਲਿਖਿਆ ਹੋਇਆ ਹੈ।



