Punjab

ਆਖ਼ਿਰ ਜ਼ਿੰਦਗੀ ਦੀ ਲੜਾਈ ਹਾਰ ਗਈ ਸਾਜੀਆ, ਮਾਸੀ ਕੋਲ ਮਿਲਣ ਆਈ ਸੀ ਲੜਕੀ

ਮਾਨਸਾ, 16 ਜੂਨ : ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਇੱਕ ਖੂਹ ‘ਚ ਡਿੱਗੀ ‘ਸਾਜੀਆ’ ਆਖ਼ਿਰ ਜ਼ਿੰਦਗੀ ਦੀ ਲੜਾਈ ਹਾਰ ਗਈ। ਜਦ ਖੂਹ ’ਚ ਡਿੱਗੀ ‘ਸਾਜੀਆ’ ਨੂੰ ਭਾਵੇਂ 7 ਘੰਟਿਆਂ ਬਾਅਦ ਕੱਢ ਲਿਆ ਗਿਆ, ਪਰ ਤਦ ਤੱਕ ਦੁਨੀਆਂ ਨੂੰ ਉਹ ਅਲਵਿਦਾ ਕਹਿ ਗਈ ਸੀ। ਹਰ ਪਾਸੇ ਮਾਹੌਲ ਗਮਗੀਨ ਹੋ ਗਿਆ ਸੀ ਅਤੇ ਪਿੰਡ ਜੋਗਾ ਦੇ ਹਰ ਇੱਕ ਦੀਆਂ ਅੱਖਾਂ ’ਚ ਹੰਝੂ ਸਨ। ਐਨਡੀਆਰਐਫ਼ ਵੱਲੋਂ ਲਾਸ਼ ਨੂੰ ਖੂਹ ’ਚੋਂ ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟਮਾਰਟਮ ਲਈ ਭੇਜਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਜੋਗਾ ’ਚ ਅੱਜ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ, ਜਦ ਮੋਗਾ ਦੇ ਪਿੰਡ ਕਿਸ਼ਨਪੁਰਾ ਦੀ 21 ਸਾਲਾ ਲੜਕੀ ਸਾਜੀਆ ਮਾਸੀ ਕੋਲ ਰਹਿਣ ਲਈ ਆਈ ਸੀ। ਸਵੇਰੇ ਬੱਚਿਆਂ ਨਾਲ ਖੇਡਦੇ ਸਮੇਂ ਅਚਾਨਕ ਖੂਹ ਵਿੱਚ ਡਿੱਗ ਗਈ। ਪੀੜ੍ਹਤ ਪਰਿਵਾਰ ਦੇ ਵਿਅਕਤੀ ਗੁਰਲਾਲ ਸਿੰਘ ਨੇ ਦੱਸਿਆ ਕਿ ਜਦ ਵੀ ਨਗਰ ਪੰਚਾਇਤ ਜੋਗਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਹ ਆਪਣੇ ਇਲਾਕੇ ਦੇ ਕੌਂਸਲਰ ਨੂੰ ਖੂਹ ਨੂੰ ਬੰਦ ਕਰਨ ਲਈ ਆਖਦੇ ਹਨ, ਪਰ ਉਨ੍ਹਾਂ ਦੇ ਗਰੀਬ ਹੋਣ ਕਾਰਨ ਉਨ੍ਹਾਂ ਦੀ ਮੰਗ ਵੱਲ ਕਦੇ ਵੀ ਗੌਰ ਨਹੀਂ ਕੀਤਾ ਗਿਆ। ਐਨਡੀਆਰਐਫ਼ ਦੀ ਟੀਮ ਵੱਲੋਂ ਭਾਰੀ ਮੁਸ਼ਕਿਲ ਬਾਅਦ ਉਸ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਗਿਆ, ਜਿਸ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ। ਸਾਜੀਆ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਡੀਐਸਪੀ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਸਾਜੀਆ ਦੀ ਮੌਤ ਹੋ ਚੁੱਕੀ ਹੈ। ਉਹ ਸਵੇਰੇ ਖੂਹ ਨਜ਼ਦੀਕ ਬੱਚਿਆਂ ਨਾਲ ਖੇਡਦੇ ਸਮੇਂ ਅਚਾਨਕ ਇਸ ਖੂਹ ਵਿੱਚ ਡਿੱਗ ਪਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਨਡੀਆਰਐਫ਼ ਟੀਮ ਦੇ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਐਨਡੀਆਰਐਫ਼ ਦੀ ਟੀਮ 11 ਵਜੇ ਦੇ ਕਰੀਬ ਇਸ ਜਗ੍ਹਾ ‘ਤੇ ਪਹੁੰਚ ਗਈ ਸੀ ਅਤੇ ਉਨ੍ਹਾਂ ਵੱਲੋਂ ਰੈਸਕਿਊ ਸ਼ੁਰੂ ਕੀਤਾ ਗਿਆ। ਪਹਿਲਾਂ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ 120 ਫੁੱਟ ਦੇ ਕਰੀਬ ਡੂੰਘੇ ਖੂਹ ‘ਚ 20 ਫੁੱਟ ਪਾਣੀ ਅਤੇ ਥੱਲੇ ਗਾਰ ਹੋਣ ਕਾਰਨ ਸਾਜੀਆ ਨੂੰ ਕੱਢਣ ਵਿੱਚ ਮੁਸ਼ਕਿਲ ਆਈ। ਪਰ ਭਾਰੀ ਮੁਸ਼ੱਕਤ ਦੇ ਬਾਅਦ ਸਾਜੀਆ ਨੂੰ ਕੱਢ ਲਿਆ ਗਿਆ ਅਤੇ ਸਿਵਲ ਹਸਪਤਾਲ ਭੇਜ ਦਿੱਤਾ ਜਿਸ ਦੀ ਮੌਤ ਹੋ ਚੁੱਕੀ ਹੈ।

Related Articles

Leave a Reply

Your email address will not be published. Required fields are marked *

Back to top button