ਅੱਧਾ ਕਿੱਲੋ ਅਫ਼ੀਮ ਸਮੇਤ ਭਾਰਤੀ ਫ਼ੌਜ ਦਾ ਜਵਾਨ ਕਾਬੂ
1 ਸਾਲ ਤੋਂ ਡਿਊਟੀ ਤੋਂ ਸੀ ਗੈਰ ਹਾਜ਼ਰ; ਲੋਕਾਂ ਨੂੰ ਅਫੀਮ ਸਪਲਾਈ ਕਰਨ ਦਾ ਕਰਦਾ ਸੀ ਧੰਦਾ

ਬਠਿੰਡਾ, 18 ਅਕਤੂਬਰ : ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਸਥਾਨਕ ਸ਼ਹਿਰ ਦੀ ਝੀਲ ਨੰਬਰ ਇਕ ਨੇੜੇ ਫੌਜੀ ਨੂੰ ਅੱਧਾ ਕਿੱਲੋਂ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਇਲਾਕੇ ’ਚ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਜਦ ਉਕਤ ਸਥਾਨ ਤੇ ਪਹੁੰਚੀ ਤਾਂ ਇਕ ਵਿਅਕਤੀ ਸ਼ੱਕੀ ਹਲਾਤਾਂ ’ਚ ਪੈਦਲ ਤੁਰਿਆ ਆ ਰਿਹਾ ਸੀ। ਪੁਲਿਸ ਪਾਰਟੀ ਵੱਲੋਂ ਜਦ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸੀ ਲਈ ਤਾਂ ਉਸ ਕੋਲੋ ਅੱਧਾ ਕਿੱਲੋਂ ਅਫ਼ੀਮ ਬਰਾਮਦ ਹੋਈ। ਫੜ੍ਹੇ ਗਏ ਵਿਅਕਤੀ ਦੀ ਪਛਾਣ ਫੌਜੀ ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਦਵਾਰਕਪੁਰ ਜ਼ਿਲ੍ਹਾ ਪਟਿਆਲਾ ਵਜੋਂ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਨਾਗਾਲੈਂਡ ’ਚ ਪੈਰਾ ਮਿਲਟਰੀ ਫੋਰਸ ’ਚ ਤੈਨਾਤ ਸੀ, ਪ੍ਰੰਤੂ ਉਹ ਪਿਛਲੇ ਇਕ ਸਾਲ ਤੋਂ ਡਿਊਟੀ ’ਤੇ ਨਹੀਂ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਲੋਕਾਂ ਨੂੰ ਅਫੀਮ ਸਪਲਾਈ ਕਰਨ ਦਾ ਧੰਦਾ ਕਰਦਾ ਸੀ, ਪ੍ਰੰਤੂ ਉਸ ਤੇ ਪਹਿਲਾ ਕੋਈ ਮਾਮਲਾ ਦਰਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਦੀ ਹੋਰ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾ ਸਕੇ ।ਪੁਲਿਸ ਨੇ ਉਕਤ ਦੋਸੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।



