ਅੱਤਵਾਦੀ ਨਰਾਇਣ ਸਿੰਘ ਚੌੜਾ ਖ਼ਿਲਾਫ਼ ਚਲਾਨ ਪੇਸ਼, ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਸਾਬਕਾ ਉਪ ਮੁੱਖ ਮੰਤਰੀ ’ਤੇ ਚਲਾਈ ਸੀ ਗੋਲ਼ੀ

ਅੰਮ੍ਰਿਤਸਰ, 15 ਫਰਵਰੀ- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ’ਚ ਗੋਲੀ ਚਲਾਉਣਦੇ ਮਾਮਲੇ ’ਚ ਅੱਤਵਾਦੀ ਨਰਾਇਣ ਸਿੰਘ ਚੌੜਾ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਕੋਤਵਾਲੀ ਥਾਣੇ ਦੀ ਪੁਲਿਸ ਵੱਲੋਂ ਚਲਾਨ ’ਚ ਦੱਸਿਆ ਗਿਆ ਹੈ ਕਿ 4 ਦਸੰਬਰ, 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਏ ਜਾਣ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਵ੍ਹੀਲ ਚੇਅਰ ’ਤੇ ਬੈਠੇ ਸਨ। ਇਸੇ ਦੌਰਾਨ ਅੱਤਵਾਦੀ ਨਰਾਇਣ ਸਿੰਘ ਚੌੜਾ ਮੌਕਾ ਦੇਖ ਕੇ ਉਨ੍ਹਾਂ ਕੋਲ ਪੁੱਜ ਗਿਆ ਅਤੇ ਆਪਣੀ ਡੱਬ ’ਚੋਂ ਚੀਨ ਦਾ ਬਣਿਆ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਅੱਤਵਾਦੀ ਨੂੰ ਫੜ ਲਿਆ ਅਤੇ ਇਸ ਦੌਰਾਨ ਉਸ ਦਾ ਨਿਸ਼ਾਨਾ ਖੁੰਝ ਗਿਆ। ਸਾਬਕਾ ਉਪ ਮੁੱਖ ਮੰਤਰੀ ਕਿਸੇ ਤਰ੍ਹਾਂ ਬਚ ਗਏ। ਪੁਲਿਸ ਨੇ ਨਰਾਇਣ ਸਿੰਘ ਕੋਲੋਂ ਪਿਸਤੌਲ, ਛੇ ਕਾਰਤੂਸ ਅਤੇ ਘਟਨਾ ਸਥਾਨ ’ਤੇ ਡਿੱਗੇ ਇਕ ਖੋਲ ਨੂੰ ਬਰਾਮਦ ਕਰ ਲਿਆ ਸੀ। ਪੁੱਛਗਿੱਛ ’ਚ ਮੁਲਜ਼ਮ ਨਰਾਇਣ ਸਿੰਘ ਚੌੜਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਬੀਤੇ ਸਮੇਂ ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ’ਚ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਮੰਨਦਾ ਹੈ। ਇਸ ਲਈ ਉਹ ਉਸ ਤੋਂ ਬਦਲਾ ਲੈਣ ਲਈ ਮੌਕੇ ਦੀ ਭਾਲ ਵਿਚ ਸੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਸੀ ਕਿ ਧਾਰਮਿਕ ਸਜ਼ਾ ਸੁਣਾਏ ਜਾਣ ਦੌਰਾਨ ਨਰਾਇਣ ਸਿੰਘਚੌੜਾ ਆਪਣੇ ਨਾਲ ਸਾਥੀ ਧਰਮ ਸਿੰਘ ਨਾਲ ਘੁੰਮਦਾ ਰਿਹਾ। ਵਾਰਦਾਤ ਨੂੰ ਅੰਜਾਮ ਦੇਣ ਲਈ ਧਰਮ ਸਿੰਘ ਨੇ ਵੀ ਭੂਮਿਕਾ ਅਦਾ ਕੀਤੀ ਸੀ। ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁਲ਼ਮ ਧਰਮ ਸਿੰਘ ਹਾਲੇ ਤੱਕ ਫ਼ਰਾਰ ਹੈ।



