Punjab
ਅੱਜ ਸ਼ਾਮ 4 ਵਜੇ ਮੋਕਡਰਿਲ ਦੀਆਂ ਤਿਆਰੀਆਂ ਵਜੋਂ ਵੱਜਣਗੇ ਸਿਵਿਲ ਡਿਫੈਂਸ ਸਾਇਰਨ : ਡਿਪਟੀ ਕਮਿਸ਼ਨਰ
ਇਸ ਦੌਰਾਨ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਹ ਇਕ ਅਭਿਆਸ ਹੈ : ਡੀ.ਸੀ.

ਬਾਲ ਕਿਸ਼ਨ
ਫ਼ਿਰੋਜ਼ਪੁਰ, 7 ਮਈ : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮੰਤਰਾਲਿਆ ਤੇ ਡਾਇਰੈਕਟੋਰੇਟ ਜਨਰਲ ਆਫ਼ ਫਾਇਰ ਸਰਵਿਸ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਜ਼ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਮਿਤੀ 07 ਮਈ ਨੂੰ ਸ਼ਾਮ 4.00 ਵਜੇ ਇਕ ਸਾਇਰਨ ਵਜਾ ਕੇ ਮੋਕਡਰਿਲ ਕੀਤੀ ਜਾਵੇਗੀ, ਜਿਸ ਵਿੱਚ ਬਚਾਅ ਏਜੰਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਦਾ ਮੁਲਾਂਕਣ ਕਰਨ ਲਈ ਇਕ ਜਨਤੱਕ ਖੇਤਰ ਵਿੱਚ ਐਮਰਜੈਂਸੀ ਸਥਿਤੀਆਂ ਦੀ ਨਕਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਾਇਰਨ ਕਮੇਟੀ ਘਰ ਤੋਂ ਵਜੇਗਾ ਅਤੇ ਉਸ ਸਥਿਤੀ ਵਿੱਚ ਵਜਾਇਆ ਜਾਵੇਗਾ ਜਿਸ ਸਮੇਂ ਦੌਰਾਨ ਕੋਈ ਹਵਾਈ ਹਮਲਾ ਹੁੰਦਾ ਹੈ ਅਤੇ ਅੱਗ ਬੁਝਾਊ ਯੰਤਰਾਂ ਦੀ ਮੌਕੇ ਤੇ ਤੇਜ਼ੀ ਨਾਲ ਪਹੁੰਚ ਕੀਤੀ ਜਾਵੇ ਅਤੇ ਬੰਕਰਾਂ, ਇਮਾਰਤਾਂ, ਭੀੜੀਆਂ ਤੇ ਹੋਰ ਜੋਖ਼ਮ ਭਰੇ ਸਥਾਨਾਂ ਤੇ ਜ਼ਖਮੀਆਂ ਨੂੰ ਬਚਾਅ ਕੇ ਕੱਢਣ ਅਤੇ ਹੋਰ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੁਰੱਖਿਆ ਏਜੰਸੀਆਂ ਕਾਰਜਸ਼ੀਲ ਰਹਿਣਗੀਆਂ ਅਤੇ ਬਚਾਅ ਸਬੰਧੀ ਆਪਣੀ ਪ੍ਰੈਕਟਿਸ ਵੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 04:00 ਵਜੇ ਜਦੋਂ ਸਾਇਰਨ ਵਜੇਗਾ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮੋਕਡਰਿਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਅਤੇ ਕਿਸੇ ਵੀ ਨਾਗਰਿਕ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।



