ਅੰਮ੍ਰਿਤਸਰ ਪੁਲਿਸ ਨੂੰ ਡਿਪੋਰਟ ਹੋਏ ਚਾਰ ਲੋਕਾਂ ਦੀ ਸ਼ਿਕਾਇਤ ਦੀ ਉਡੀਕ, ਸਾਰੇ ਏਜੰਟ ਪੇਂਡੂ ਖੇਤਰਾਂ ’ਚ ਕਰ ਰਹੇ ਕੰਮ

ਅੰਮ੍ਰਿਤਸਰ, 10 ਫਰਵਰੀ-ਪੁਲਿਸ ਅੰਮ੍ਰਿਤਸਰ ਦੇ ਚਾਰ ਲੋਕਾਂ ਦੀ ਸ਼ਿਕਾਇਤ ਦੀ ਉਡੀਕ ਕਰ ਰਹੀ ਹੈ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਸ ਸਬੰਧੀ ਜਦੋਂ ਦਲੇਰ ਸਿੰਘ ਨਾਮਕ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਰਾਜਾਸਾਂਸੀ ਪੁਲਿਸ ਨੇ ਸਤਨਾਮ ਸਿੰਘ ਨਾਮਕ ਇਕ ਜਾਅਲੀ ਟਰੈਵਲ ਏਜੰਟ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਸਤਨਾਮ ਸਿੰਘ ਅਜੇ ਵੀ ਫਰਾਰ ਹੈ ਅਤੇ ਉਸ ਦੇ ਦਫ਼ਤਰ ਨੂੰ ਵੀ ਪੁਲਿਸ ਨੇ ਸੀਲ ਕਰ ਦਿੱਤਾ ਹੈ। ਐਸਐਸਪੀ (ਦਿਹਾਤੀ) ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਚਾਰਾਂ ਲੋਕਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਦੂਜੇ ਪਾਸੇ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੀ ਗਈ ਕੁੜੀ ਸਮੇਤ ਚਾਰ ਲੋਕ ਟਰੈਵਲ ਏਜੰਟ ਦੇ ਸੰਪਰਕ ਵਿਚ ਹਨ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਟ੍ਰੈਵਲ ਏਜੰਟ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਵੇਗਾ। ਜਿਸ ਕਾਰਨ ਚਾਰੇ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਪੁਲਿਸ ਕੋਲ ਨਹੀਂ ਪਹੁੰਚੇ।
ਸਾਰੇ ਏਜੰਟ ਪੇਂਡੂ ਖੇਤਰਾਂ ’ਚ ਕੰਮ ਕਰ ਰਹੇ
ਇਹ ਖੁਲਾਸਾ ਹੋਇਆ ਹੈ ਕਿ ਟਰੈਵਲ ਏਜੰਟਾਂ ਨੇ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿਚ ਆਪਣੇ ਦਫ਼ਤਰ ਖੋਲ੍ਹੇ ਹੋਏ ਹਨ, ਜਿਨ੍ਹਾਂ ਵਿਚ ਰਣਜੀਤ ਐਵੀਨਿਊ, ਬੱਸ ਸਟੈਂਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਮਿਲ ਹਨ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਏਜੰਟਾਂ ਨੇ ਪੇਂਡੂ ਖੇਤਰਾਂ ਵਿਚ ਆਪਣੇ ਨਜ਼ਦੀਕੀਆਂ ਅਤੇ ਦੋਸਤਾਂ ਨੂੰ ਸਬ-ਏਜੰਟਾਂ ਵਜੋਂ ਨਿਯੁਕਤ ਕੀਤਾ ਹੈ। ਇਨ੍ਹਾਂ ਸਾਰੇ ਏਜੰਟਾਂ ਨੇ ਪੇਂਡੂ ਖੇਤਰਾਂ ਵਿਚ ਆਲੀਸ਼ਾਨ ਦਫ਼ਤਰ ਖੋਲ੍ਹੇ ਹੋਏ ਹਨ। ਹਾਲਾਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਰਿਕਾਰਡ ਵਿਚ ਇਨ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ।



