
ਅੰਮ੍ਰਿਤਸਰ, 12 ਮਈ- ਰਾਮਦਾਸ ਥਾਣੇ ਅਧੀਨ ਆਉਂਦੇ ਪਿੰਡ ਗਾਲਬ ਵਿਚ ਪੁਰਾਣੀ ਰੰਜਿਸ਼ ਕਾਰਨ ਕੁਝ ਲੋਕਾਂ ਨੇ ਪੰਚਾਇਤ ਮੈਂਬਰ ਰਘਬੀਰ ਸਿੰਘ (65) ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਜਾਂਚ ਤੋਂ ਬਾਅਦ ਗਾਲਬ ਪਿੰਡ ਦੇ ਪ੍ਰਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਰਿਸ਼ਤੇਦਾਰਾਂ ਨੂੰ ਸੌਪ ਦਿੱਤਾ ਗਿਆ ਹੈ। ਸਬ ਇੰਸਪੈਕਟਰ ਅਜੈ ਪਾਲ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗਾਲਬ ਪਿੰਡ ਦੇ ਵਸਨੀਕ ਰਛਪਾਲ ਸਿੰਘ ਨੇ ਰਾਮਦਾਸ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਰਘਬੀਰ ਸਿੰਘ ਲਗਪਗ ਵੀਹ ਸਾਲ ਪਹਿਲਾਂ ਫ਼ੌਜ ਤੋਂ ਸੇਵਾਮੁਕਤ ਹੋਏ ਸਨ। ਇਸ ਸਮੇਂ ਉਹ ਪਿੰਡ ਵਿਚ ਰਹਿ ਰਹੇ ਸੀ ਅਤੇ ਘਰ ਦੀ ਦੇਖਭਾਲ ਕਰ ਰਹੇ ਸੀ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਪੰਚਾਇਤ ਚੋਣਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਸਾਲ ਉਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਪੰਚ ਦੇ ਅਹੁਦੇ ਲਈ ਪੰਚਾਇਤ ਚੋਣਾਂ ਲੜੀਆਂ। ਪਿੰਡ ਵਿਚ ਰਹਿਣ ਵਾਲੇ ਪ੍ਰਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਵੀ ਪਾਰਟੀ ਵਿਚ ਹੁੰਦਿਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ। ਪਿਤਾ ਚੋਣ ਜਿੱਤ ਗਏ ਅਤੇ ਪੰਚ ਵੀ ਬਣ ਗਏ। ਪਰ ਦੋਵੇਂ ਮੁਲਜ਼ਮ ਰਘਬੀਰ ਸਿੰਘ ਤੋਂ ਬਦਲਾ ਲੈਣ ਲਈ ਦ੍ਰਿੜ ਸਨ। ਐਤਵਾਰ ਨੂੰ ਕਿਸੇ ਨੇ ਖੇਤ ਵਿਚ ਪਈ ਤੂੜੀ ਨੂੰ ਅੱਗ ਲਗਾ ਦਿੱਤੀ। ਪਿਤਾ ਅਤੇ ਪਿੰਡ ਦੇ ਲੋਕ ਅੱਗ ਬੁਝਾਉਣ ਲਈ ਖੇਤਾਂ ਵੱਲ ਗਏ ਹੋਏ ਸਨ। ਇਸ ਦੌਰਾਨ ਪ੍ਰਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਵੀ ਉੱਥੇ ਪਹੁੰਚ ਗਏ। ਉੱਥੇ ਇਕ ਜਗ੍ਹਾ ‘ਤੇ ਉਨ੍ਹਾਂ ਦੇ ਪਿਤਾ ਨੂੰ ਇਕੱਲੇ ਦੇਖ ਕੇ ਮੁਲਜ਼ਮਾਂ ਨੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਵੀ ਮੌਕੇ ‘ਤੇ ਪਹੁੰਚ ਗਿਆ। ਉਸ ਨੇ ਦੇਖਿਆ ਕਿ ਦੋਵੇਂ ਮੁਲਜ਼ਮ ਉਸ ਦੇ ਪਿਤਾ ਨੂੰ ਮੁੱਕੇ ਅਤੇ ਥੱਪੜ ਮਾਰ ਰਹੇ ਸਨ। ਜਦੋਂ ਤੱਕ ਉਹ ਆਪਣੇ ਪਿਤਾ ਨੂੰ ਬਚਾਉਣ ਲਈ ਪਹੁੰਚਿਆ, ਉਸ ਦਾ ਪਿਤਾ ਜ਼ਮੀਨ ‘ਤੇ ਡਿੱਗ ਪਿਆ ਅਤੇ ਮੁਲਜ਼ਮ ਲਲਕਾਰਦੇ ਹੋਏ ਉੱਥੋਂ ਭੱਜ ਗਏ। ਕਿਸੇ ਤਰ੍ਹਾਂ ਉਸ ਨੇ ਸਵਾਰੀ ਦਾ ਪ੍ਰਬੰਧ ਕੀਤਾ ਅਤੇ ਆਪਣੇ ਪਿਤਾ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।



