
ਪੱਟੀ, 2 ਜੁਲਾਈ : ਪੱਟੀ ਸ਼ਹਿਰ ਨੂੰ ਜਿੱਥੇ ਕਦੇ ਨੌਂ ਲੱਖੀ ਪੱਟੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਥੇ ਹੀ ਇਕ ਮਿਰਜ਼ਾ ਨਾਂ ਦੇ ਬਾਗਬਾਨ ਕਰਕੇ ਵੀ ਅੰਗਰੇਜ਼ਾਂ ਸਮੇਂ ਇਹ ਸ਼ਹਿਰ ਪ੍ਰਸਿੱਧ ਹੋਇਆ ਅਤੇ ਇਸ ਨੂੰ ਮਿਰਜ਼ੇ ਵਾਲੀ ਪੱਟੀ ਕਿਹਾ ਜਾਣ ਲੱਗਾ। ਹਾਲਾਂਕਿ ਦੇਸ਼ ਦੀ ਵੰਡ ਤੋਂ ਬਾਅਦ ਮਿਰਜ਼ੇ ਦੇ ਅੰਬਾਂ ਵਾਲੇ ਬਾਗ ਉੱਧਰੋਂ ਉੱਜੜ ਕੇ ਆਏ ਕਿਸਾਨਾਂ ਨੂੰ ਮਿਲੇ। ਅੰਬਾਂ ਦੀ ਕਾਸ਼ਤ ਲਾਹੇਵੰਦ ਸਾਬਤ ਨਾ ਹੋਈ ਤਾਂ 1950 ਦੇ ਨੇੜੇ 75 ਵਰ੍ਹੇ ਪਹਿਲਾਂ ਇੱਥੇ ਨਾਖਾਂ ਦੇ ਬਾਗ ਲੱਗ ਗਏ। ਇਸ ਇਲਾਕੇ ਨੂੰ ਨਾਸ਼ਪਾਤੀ ਨੇ ਇੰਨਾ ਸਮਰੱਥ ਕੀਤਾ ਕਿ ਅੱਜ ਵੀ ਦੇਸ਼ ਭਰ ਵਿਚ ਪੱਟੀ ਦੇ ਬਾਗਾਂ ਦੀ ਨਾਖ ਮਸ਼ਹੂਰ ਹੋ ਚੁੱਕੀ ਹੈ। 1947 ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਪਿੰਡ ਵਲਟੋਹਾ ਚੱਕ ਨੰਬਰ 28 ਜ਼ਿਲ੍ਹਾ ਲਾਹੌਰ ਵਿਖੇ ਰਹਿੰਦੇ ਅਮਰ ਸਿੰਘ ਅਤੇ ਉਨ੍ਹਾਂ ਦੇ ਤਿੰਨ ਭਰਾ ਆਪਣੀਆ ਜ਼ਮੀਨਾਂ, ਜਾਇਦਾਦਾਂ ਅਤੇ ਭਰੇ-ਭਰਾਏ ਘਰ ਛੱਡ ਕੇ ਇਧਰ ਆਏ ਸਨ। ਅਮਰ ਸਿੰਘ ਦੇ ਪੁੱਤਰ ਨਿਸ਼ਾਨ ਸਿੰਘ ਬੁੱਟਰ ਜੋ ਹੁਣ ਇਲਾਕੇ ਦੇ ਪ੍ਰਸਿੱਧ ਬਾਗਬਾਨ ਵਜੋਂ ਜਾਣੇ ਜਾਂਦੇ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਮਰ ਸਿੰਘ ਆਪਣੇ ਤਿੰਨ ਭਰਾਵਾਂ ਨਾਲ ਖੁੱਲ੍ਹੀ ਜ਼ਮੀਨ ’ਤੇ ਕਾਸ਼ਤ ਕਰਦੇ ਸਨ। ਉਨ੍ਹਾਂ ਦੇ ਪਿਤਾ ਨੂੰ ਪਟਵਾਰੀ ਦੀ ਨੌਕਰੀ ਵੀ ਮਿਲੀ ਪਰ ਉਨ੍ਹਾਂ ਨੇ ਨੌਕਰੀ ਛੱਡ ਕੇ ਖੇਤੀਬਾੜੀ ਨੂੰ ਪਹਿਲ ਦਿੱਤੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਨੂੰ ਪੱਟੀ ਦੇ ਪਿੰਡ ਬੈਂਕਾ ਵਿਖੇ ਜ਼ਮੀਨ ਅਲਾਟ ਹੋਈ ਪਰ ਵੱਡਾ ਕੱਟ ਲੱਗਾ। ਇੱਥੇ ਆ ਕੇ ਪਿਤਾ ਅਤੇ ਉਨ੍ਹਾਂ ਦੇ ਭਰਾਵਾਂ ਵੱਲੋਂ ਖੇਤੀਬਾੜੀ ਸ਼ੁਰੂ ਕੀਤੀ ਗਈ। ਪਿੰਡ ਬੈਂਕਾ ਤੋਂ ਪਿਤਾ ਤੇ ਉਨ੍ਹਾਂ ਦੇ ਭਰਾ ਪੱਟੀ ਆ ਵੱਸੇ। ਸਭ ਤੋਂ ਪਹਿਲਾਂ ਕੁੱਲਾ ਰੋਡ ’ਤੇ ਪ੍ਰਸਿੱਧ ਹੀਰਾ ਦੇਵੀ ਵਾਲਾ ਅੰਬਾਂ ਦਾ ਬਾਗ ਖਰੀਦਿਆ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਹੁਣ 65 ਏਕੜ ਵਿਚ ਨਾਖ, ਆਲੂ ਬੁਖਾਰਾ ਅਤੇ ਹੋਰ ਫਲਾਂ ਦੀ ਬਾਗਬਾਨੀ ਕਰ ਰਹੇ ਹਨ ਜਦੋਂਕਿ ਇਸ ਸਾਲ ਵੀ 8 ਏਕੜ ਨਾਖ ਦਾ ਨਵਾਂ ਬਾਗ ਲਾਇਆ ਹੈ। ਉਨ੍ਹਾਂ ਦੱਸਿਆ ਇਕ ਏਕੜ ਬਾਗ ਲਾਉਣ ਲਈ ਪਹਿਲਾਂ ਇਸ ਦੀ ਨਰਸਰੀ ਤਿਆਰ ਕੀਤੀ ਜਾਂਦੀ ਹੈ। ਦਸ ਤੋਂ ਬਾਰਾਂ ਸਾਲ ਬਾਅਦ ਇਹ ਬੂਟਾ ਫਲ ਦਿੰਦਾ ਹੈ। ਇੰਨਾ ਸਮਾਂ ਜ਼ਮੀਨ ਵਿਚ ਹੋਰ ਕੋਈ ਫਸਲ ਨਾ ਹੋਣ ਕਰਕੇ 10 ਤੋਂ 12 ਲੱਖ ਦਾ ਨੁਕਸਾਨ ਵੀ ਹੋ ਜਾਂਦਾ ਹੈ। ਨਿਸ਼ਾਨ ਸਿੰਘ ਬੁੱਟਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਜਦੀਪ ਸਿੰਘ ਅਤੇ ਜੁਗਰਾਜ ਸਿੰਘ ਵੀ ਇਸੇ ਕੰਮ ਨੂੰ ਅਪਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਗ਼ਬਾਨੀ ਕਰਨ ਵਾਲੇ ਬੁੱਟਰ ਪਰਿਵਾਰ ਦੀ ਤੀਸਰੀ ਪੀੜ੍ਹੀ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੀ ਹੈ। ਉਨ੍ਹਾਂ ਵੱਲੋਂ ਵੱਖ-ਵੱਖ ਕਿਸਮ ਦੇ ਪੌਦੇ ਆਪਣੇ ਬਾਗ ਅਤੇ ਘਰ ਵਿਚ ਲਗਾਏ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਾਸ਼ਪਤੀ ਦੇ ਫਲ ਦਾ ਉਤਪਾਦਨ ਬਹੁਤ ਹੁੰਦਾ ਹੈ ਪਰ ਪੰਜਾਬ ਦੀ ਨਾਸ਼ਪਤੀ ਪੰਜਾਬੀਆਂ ਵੱਲੋਂ ਘੱਟ ਪਸੰਦ ਕਰਨ ਕਰਕੇ ਦੂਜੇ ਸੂਬਿਆਂ ’ਚ ਵੇਚੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੰਡੀਕਰਨ ਕੋਲਕਾਤਾ, ਦਿੱਲੀ, ਅਹਿਮਦਾਬਾਦ, ਬੈਂਗਲੂਰੂ, ਬਿਹਾਰ ’ਚ ਹੀ ਹੈ। ਹਾਲਾਂਕਿ ਪੰਜਾਬ ਦੀ ਇਸ ਪ੍ਰਸਿੱਧ ਫਸਲ ਦਾ ਮੰਡੀਕਰਨ ਪੰਜਾਬ ਵਿਚ ਵੀ ਹੋਣਾ ਚਾਹੀਦਾ ਹੈ। ਬੁੱਟਰ ਨੇ ਦੱਸਿਆ ਕਿ ਉਹ ਪੱਟੀ ਤੋਂ ਦਿੱਲੀ ਕੋਲਕਾਤਾ, ਜੈਪੁਰ, ਆਗਰਾ ਅਤੇ ਅਹਿਮਦਾਬਾਦ ਤੱਕ ਨਾਸ਼ਪਤੀ ਦੀਆਂ ਗੱਡੀਆਂ ਵੇਚਣ ਲਈ ਭੇਜਦੇ ਹਨ।



