ਅੰਮ੍ਰਿਤਸਰ, 16 ਫਰਵਰੀ- ਅਮਰੀਕਾ ਤੋਂ 116 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਦੂਜੇ ਸਮੂਹ ਨੂੰ ਲੈ ਕੇ ਅਮਰੀਕੀ ਫ਼ੌਜੀ ਜਹਾਜ਼ ਸੀ-17 ਸ਼ਨੀਵਾਰ ਰਾਤ 11.32 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਇਨ੍ਹਾਂ ਵਿੱਚੋਂ, ਪੰਜਾਬ ਤੋਂ 65, ਹਰਿਆਣਾ ਤੋਂ 33, ਗੁਜਰਾਤ ਤੋਂ 8, ਯੂਪੀ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2, ਅਤੇ ਹਿਮਾਚਲ, ਜੰਮੂ-ਕਸ਼ਮੀਰ ਅਤੇ ਗੋਆ ਤੋਂ 1-1 ਹੈ। ਪਿਛਲੀ ਵਾਰ ਵਾਂਗ, ਇਸ ਵਾਰ ਵੀ ਵਾਪਸ ਆਏ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਹਟਾ ਦਿੱਤਾ ਗਿਆ ਸੀ। ਉਡਾਣ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ, ਸਿਰਫ਼ ਮਰਦਾਂ ਨੂੰ ਹੀ ਹੱਥਕੜੀ ਲਗਾਈ ਗਈ ਸੀ।
ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਵਾਪਸ ਭੇਜਿਆ ਜਾ ਰਿਹੈ
ਇਸ ਦੇ ਨਾਲ ਹੀ ਅਮਰੀਕਾ ਤੋਂ ਤੀਜਾ ਜਹਾਜ਼ ਅੱਜ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗਾ। ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਅਤੇ ਅੱਜ ਅੰਮ੍ਰਿਤਸਰ ਲਿਆਂਦਾ ਗਿਆ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਦੂਜਾ ਜੱਥਾ ਹੁਣ ਉਨ੍ਹਾਂ ਦੇ ਸਬੰਧਤ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ।
ਭਾਰਤੀਆਂ ਨੂੰ ਹੱਥਕੜੀ ਲਗਾਉਣ ਦਾ ਮੁੱਦਾ
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ ਸਨ ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਟਰੰਪ ਕੋਲ ਭਾਰਤੀਆਂ ਨੂੰ ਹੱਥਕੜੀ ਲਗਾਉਣ ਦਾ ਮੁੱਦਾ ਉਠਾਉਂਦੇ ਅਤੇ ਇਸ ਤੋਂ ਭਾਰਤੀਆਂ ਨੂੰ ਛੋਟ ਦੇਣ ਦੀ ਮੰਗ ਕਰਦੇ ਪਰ ਅਮਰੀਕਾ ਨੇ ਫਿਰ ਆਪਣਾ ਉਹੀ ਤਰੀਕਾ ਅਪਣਾਇਆ। ਭਾਰਤੀ ਕੂਟਨੀਤੀ ਇੱਥੇ ਬਹੁਤੀ ਕੰਮ ਦੀ ਨਹੀਂ ਜਾਪਦੀ ਸੀ। ਪਿਛਲੀ ਵਾਰ ਜਦੋਂ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਲਿਆਂਦਾ ਗਿਆ ਸੀ ਤਾਂ ਬਹੁਤ ਹੰਗਾਮਾ ਹੋਇਆ ਸੀ।
ਅੱਜ ਆਵੇਗਾ ਤੀਜਾ ਜਹਾਜ਼
ਵਿਦੇਸ਼ ਮੰਤਰੀ ਜੈਸ਼ੰਕਰ ਨੇ ਸੰਸਦ ਵਿੱਚ ਇਹ ਬਿਆਨ ਦਿੱਤਾ ਸੀ ਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਲਈ ਇਹੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਇਸ ਤੋਂ ਪਹਿਲਾਂ, 5 ਫਰਵਰੀ ਨੂੰ, 104 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ ਸੀ। ਹੁਣ ਤੀਜਾ ਅਮਰੀਕੀ ਜਹਾਜ਼ ਐਤਵਾਰ, 16 ਫਰਵਰੀ ਨੂੰ ਅੰਮ੍ਰਿਤਸਰ ਭੇਜਿਆ ਜਾਵੇਗਾ। ਉੱਥੇ 157 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ।
ਉਡਾਣ ਦੌਰਾਨ ਭਾਰਤੀਆਂ ਨੂੰ ਫਿਰ ਹੱਥਕੜੀਆਂ ਲਗਾਈਆਂ ਗਈਆਂ
ਸੁਰੱਖਿਆ ਏਜੰਸੀਆਂ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਉਡਾਣ ਦੌਰਾਨ ਭਾਰਤੀਆਂ ਨੂੰ ਦੁਬਾਰਾ ਹੱਥਕੜੀਆਂ ਲਗਾਈਆਂ ਗਈਆਂ ਅਤੇ ਬੇੜੀਆਂ ਨਾਲ ਬੰਨ੍ਹ ਦਿੱਤਾ ਗਿਆ। ਪਤਾ ਲੱਗਾ ਹੈ ਕਿ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ, ਸਾਰੇ ਪ੍ਰਵਾਸੀਆਂ ਨੂੰ ਏਵੀਏਸ਼ਨ ਕਲੱਬ ਦੇ ਬਿਜ਼ਨਸ ਲਾਉਂਜ ਵਿੱਚ ਰਾਤ ਦਾ ਖਾਣਾ ਪਰੋਸਿਆ ਗਿਆ। ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਲਗਪਗ 15 ਵਾਹਨਾਂ ਦਾ ਪ੍ਰਬੰਧ ਕੀਤਾ ਗਿਆ। ਹਰਿਆਣਾ ਪੁਲਿਸ ਦੀ ਗੱਡੀ ਵੀ ਹਵਾਈ ਅੱਡੇ ‘ਤੇ ਪਹੁੰਚ ਗਈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮ 4 ਵਜੇ ਤੋਂ ਹੀ ਹਵਾਈ ਅੱਡੇ ‘ਤੇ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਏਅਰਪੋਰਟ ਅਥਾਰਟੀ ਨਾਲ ਵੀ ਮੀਟਿੰਗ ਕੀਤੀ। ਅਮਰੀਕੀ ਜਹਾਜ਼ ਦੇ ਆਉਣ ਤੋਂ ਪਹਿਲਾਂ, ਪੁਲਿਸ ਨੇ ਬੈਰੀਕੇਡ ਲਗਾ ਦਿੱਤੇ ਅਤੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ।
ਦੇਸ਼ ਨਿਕਾਲਾ ਕੇਂਦਰ
ਸ਼ਨੀਵਾਰ ਸ਼ਾਮ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ‘ਤੇ ਡਿਸਪੋਰਟ ਕੀਤੇ ਗਏ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਿਸਪੋਰਟ ਕੀਤੇ ਗਏ ਲੋਕਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਨਾ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ। ਪੰਜਾਬ ਅਤੇ ਪੰਜਾਬੀ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅਮਰੀਕੀ ਫ਼ੌਜੀ ਜਹਾਜ਼ ਨੂੰ ਦਿੱਲੀ ਜਾਂ ਅਹਿਮਦਾਬਾਦ ਜਾਂ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ‘ਤੇ ਉਤਾਰਿਆ ਜਾ ਸਕਦਾ ਸੀ।
ਟ੍ਰੈਵਲ ਏਜੰਟਾਂ ਵਿਰੁੱਧ ਕੀਤੇ ਜਾਣਗੇ ਕੇਸ ਦਰਜ
ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕੀਤੇ ਜਾਣਗੇ। ਇੰਨਾ ਹੀ ਨਹੀਂ ਏਜੰਟਾਂ ਤੋਂ ਪੈਸੇ ਵੀ ਵਸੂਲ ਕੀਤੇ ਜਾਣਗੇ। ਜੇਕਰ ਡਿਪੋਰਟ ਕੀਤੇ ਗਏ ਲੋਕ ਪੰਜਾਬ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਆਪਣੀ ਯੋਗਤਾ ਅਨੁਸਾਰ ਕੋਈ ਕੰਮ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ। ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰ ਕੇ ਸਰਕਾਰੀ ਨੌਕਰੀ ਵੀ ਪ੍ਰਾਪਤ ਕਰ ਸਕਦੇ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮੁੱਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਉਠਾਉਣਾ ਚਾਹੀਦਾ ਸੀ ਤਾਂ ਜੋ ਭਾਰਤੀਆਂ ਨੂੰ ਜ਼ੰਜੀਰਾਂ ਨਾਲ ਜਕੜ ਕੇ ਉਨ੍ਹਾਂ ਦੀ ਧਰਤੀ ‘ਤੇ ਨਾ ਭੇਜਿਆ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਰਗੇ ਸਰਹੱਦੀ ਜ਼ਿਲ੍ਹੇ ਵਿੱਚ ਅਮਰੀਕੀ ਫ਼ੌਜੀ ਜਹਾਜ਼ਾਂ ਦੀ ਲੈਂਡਿੰਗ ਦੇਸ਼ ਲਈ ਖ਼ਤਰਾ ਹੈ। ਪਵਿੱਤਰ ਸ਼ਹਿਰ ਨੂੰ ਦੇਸ਼ ਨਿਕਾਲਾ ਕੇਂਦਰ ਨਹੀਂ ਬਣਾਇਆ ਜਾਣਾ ਚਾਹੀਦਾ। ਜੇਕਰ ਭਾਰਤ ਸਰਕਾਰ ਇਨ੍ਹਾਂ ਲੋਕਾਂ ਦਾ ਸਤਿਕਾਰ ਕਰਦੀ ਤਾਂ ਉਹ ਆਪਣਾ ਜਹਾਜ਼ ਭੇਜਦੀ ਅਤੇ ਉਨ੍ਹਾਂ ਨੂੰ ਉੱਥੋਂ ਸਤਿਕਾਰ ਨਾਲ ਵਾਪਸ ਲਿਆਉਂਦੀ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਖ ਇਹ ਗੱਲ
ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਗਾਇਆ ਕਿ ਜਦੋਂ ਉਹ (ਮਾਨ) ਕੈਸੇਟਾਂ ਬਣਾਉਂਦੇ ਸਨ ਤਾਂ ਉਨ੍ਹਾਂ ‘ਤੇ ਕਬੂਤਰਬਾਜ਼ੀ ਦਾ ਦੋਸ਼ ਲਗਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਮਰੀਕਾ ਤੋਂ ਭੇਜੇ ਜਾ ਰਹੇ ਸਾਰੇ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦੇਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਉਸ ਵੱਲੋਂ ਅਮਰੀਕਾ ਜਾਣ ‘ਤੇ ਖਰਚ ਕੀਤੀ ਗਈ ਰਕਮ ਵੀ ਵਾਪਸ ਕਰਨੀ ਚਾਹੀਦੀ ਹੈ। ਬਿੱਟੂ ਨੇ ਕਿਹਾ ਕਿ ਇਹ ਭਗਵੰਤ ਮਾਨ ਸਰਕਾਰ ਦੀ ਅਸਫਲਤਾ ਹੈ।
URL Copied