ਅਬੂ ਕਤਾਲ ਦੀ ਮੌਤ ਨਾਲ ਘਟੇਗੀ ਲਸ਼ਕਰ ਦੇ ਅੱਤਵਾਦੀਆਂ ਦੀ ਘੁਸਪੈਠ, ਹਾਫਿਜ਼ ਸਈਦ ਦਾ ਭਤੀਜਾ ਕਈ ਹਮਲਿਆਂ ਦਾ ਸੀ ਮਾਸਟਰਮਾਈਂਡ

ਸ਼੍ਰੀ ਨਗਰ, 17 ਮਾਰਚ-ਜ਼ਿਆ-ਉਰ-ਰਹਮਾਨ ਉਰਫ਼ ਨਦੀਮ ਉਰਫ਼ ਅਬੂ ਕਤਾਲ ਉਰਫ਼ ਕਤਾਲ ਸਿੰਧੀ ਦੀ ਮੌਤ ਲਸ਼ਕਰ-ਏ-ਤੈਬਾ ਲਈ ਵੱਡਾ ਝਟਕਾ ਹੈ। ਕਤਾਲ 2002 ਤੋਂ 2004 ਤੱਕ ਰਾਜੌਰੀ-ਪੁੰਛ ਅਤੇ ਉੱਤਰੀ ਕਸ਼ਮੀਰ ਦੇ ਕੁਝ ਖੇਤਰਾਂ ਵਿਚ ਸਰਗਰਮ ਰਿਹਾ ਸੀ। 2008 ਵਿਚ ਮੁੰਬਈ ਹਮਲੇ (26/11 ਮੁੰਬਈ ਹਮਲਾ) ਤੋਂ ਬਾਅਦ ਜਦੋਂ ਪਾਕਿਸਤਾਨ ਸਰਕਾਰ ਨੂੰ ਹਾਫਿਜ਼ ਅਤੇ ਜ਼ਕੀ ਉਰ ਰਹਮਾਨ ਲਖਵੀ ਸਮੇਤ ਲਸ਼ਕਰ ਦੇ ਮੁੱਖ ਕਮਾਂਡਰਾਂ ‘ਤੇ ਰੋਕ ਲਗਾਉਣੀ ਪਈ, ਤਾਂ ਹਾਫਿਜ਼ ਸਈਦ ਨੇ ਅਬੂ ਨੂੰ ਗ਼ੁਲਾਮ ਜੰਮੂ ਕਸ਼ਮੀਰ ਵਿਚ ਖੁਰੇਟਾ ਕੋਟਲੀ ਅਤੇ ਨਕੀਆ ਅਤੇ ਜੰਦਰੂਟ ਸਥਿਤ ਲਸ਼ਕਰ ਦੇ ਟ੍ਰੇਨਿੰਗ ਕੈਂਪਾਂ ਦੀ ਜ਼ਿੰਮੇਵਾਰੀ ਸੌਂਪੀ ਸੀ।
ਜੰਮੂ-ਕਸ਼ਮੀਰ ਵਿਚ ਨੈੱਟਵਰਕ ਨਾਲ ਸੰਪਰਕ ਵਿਚ ਸੀ ਅਬੂ
ਜੰਮੂ-ਕਸ਼ਮੀਰ ਵਿਚ ਕੁਝ ਸਾਲ ਤੱਕ ਸਰਗਰਮ ਰਹਿਣ ਤੋਂ ਬਾਅਦ ਅਬੂ ਵਾਪਸ ਪਾਕਿਸਤਾਨ ਚਲਾ ਗਿਆ ਸੀ, ਪਰ ਉਸਨੇ ਰਾਜੌਰੀ-ਪੁਣਛ ਵਿਚ ਸਥਾਨਕ ਨੈੱਟਵਰਕ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਜਿਸਦਾ ਉਸਨੇ 2020 ਵਿਚ ਪੂਰਾ ਲਾਭ ਲੈਣਾ ਸ਼ੁਰੂ ਕੀਤਾ।ਉਸਨੇ ਜ਼ਿਲ੍ਹਾ ਪੁਣਛ ਵਿਚ ਮੋਹਰਾ ਗੁਰਸਾਈ ਵਿਚ ਆਪਣੇ ਦੋ ਖਾਸ ਓਵਰਗ੍ਰਾਊਂਡ ਵਰਕਰਾਂ ਨਿਸਾਰ ਅਹਿਮਦ ਉਰਫ਼ ਹਾਜ਼ੀ ਨਿਸਾਰ ਅਤੇ ਮੁਸ਼ਤਾਕ ਹੁਸੈਨ ਚਾਚਾ ਦੀ ਮਦਦ ਨਾਲ ਨਾ ਸਿਰਫ਼ ਗ਼ੁਲਾਮ ਜੰਮੂ-ਕਸ਼ਮੀਰ ਤੋਂ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੀ ਸੁਰੱਖਿਅਤ ਘੁਸਪੈਠ ਕਰਵਾਈ, ਬਲਕਿ ਭਾਟਾਧੁਲੀਆਂ ਅਤੇ ਢਾਂਗਰੀ ਹਮਲੇ ਨੂੰ ਵੀ ਅੰਜਾਮ ਦਿੱਤਾ।
ਰਿਆਸੀ ਹਮਲੇ ਦਾ ਮਾਸਟਰ ਮਾਈਂਡ ਸੀ ਅਬੂ ਕਤਾਲ
ਉਸਦੇ ਭੇਜੇ ਅੱਤਵਾਦੀ ਰਿਆਸੀ ਵਿਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਆਏ ਸ਼ਰਧਾਲੂਆਂ ਦੀ ਬੱਸ ‘ਤੇ ਹਮਲਾ ਕਰ ਚੁੱਕੇ ਸਨ। ਢਾਂਗਰੀ, ਰਾਜੌਰੀ ਵਿਚ ਪਹਿਲੀ ਜਨਵਰੀ 2023 ਨੂੰ ਅੱਤਵਾਦੀਆਂ ਨੇ ਦੋ ਬੱਚਿਆਂ ਸਮੇਤ ਸੱਤ ਲੋਕਾਂ ਦੀ ਹੱਤਿਆ ਕੀਤੀ ਸੀ। ਨਿਸਾਰ ਅਤੇ ਮੁਸ਼ਤਾਕ ਜੇਲ੍ਹ ਵਿਚ ਹਨ। ਢਾਂਗਰੀ ਹਮਲੇ ਦੇ ਸੰਦਰਭ ਵਿਚ ਐਨਆਈਏ ਦੁਆਰਾ ਦਾਇਰ ਕੀਤੇ ਗਏ ਦੋਸ਼ਪੱਤਰ ਵਿਚ ਅਬੂ ਕਤਾਲ ਅਤੇ ਸਾਜਿਦ ਜੱਟ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।



