ਅਧਿਆਪਕ ਯੂਨੀਅਨਾਂ ਨੇ ਸਰਕਾਰ ਦੇ ਭਰੋਸੇ ਨੂੰ ਦਿੱਤਾ ‘ਕਾਗ਼ਜ਼ੀ’ ਕਰਾਰ
5 ਸਤੰਬਰ ਨੂੰ ਸੂਬਾ ਪੱਧਰੀ ਰੋਸ ਰੈਲੀ ਦੀ ਚੇਤਾਵਨੀ

ਐੱਸਏਐੱਸ ਨਗਰ, 6 ਅਗਸਤ : ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਚੋਣਵੀਆਂ ਮੰਗਾਂ ‘ਤੇ ਦਿੱਤੇ ਭਰੋਸੇ ਪੂਰੇ ਨਾ ਹੋਣ ਕਾਰਨ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਮੰਗਲਵਾਰ ਨੂੰ ਮੁਹਾਲੀ ਵਿਚ ਵੱਡਾ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਸੈਂਕੜੇ ਅਧਿਆਪਕਾਂ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਸਿੱਖਿਆ ਡਾਇਰੈਕਟੋਰੇਟ ਤਕ ‘ਰੋਸ ਮਾਰਚ’ ਕੀਤਾ। ਅਧਿਆਪਕਾਂ ਨੇ ਸਰਕਾਰ ਦੇ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਨੂੰ ਖੋਖਲਾ ਦੱਸਦਿਆਂ ਸਖ਼ਤ ਵਿਰੋਧ ਪ੍ਰਗਟਾਇਆ। ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 5 ਸਤੰਬਰ ਨੂੰ ‘ਅਧਿਆਪਕ ਦਿਵਸ’ ਮੌਕੇ ਸਰਕਾਰੀ ਸਮਾਗਮ ਦੇ ਸਮਾਂਤਰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਇਸ ਸਬੰਧੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ‘ਨੋਟਿਸ-ਕਮ-ਮੰਗ ਪੱਤਰ’ ਵੀ ਸੌਂਪਿਆ ਗਿਆ ਹੈ। ਇਸ ਮੌਕੇ ’ਤੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ ਅਤੇ ਪ੍ਰਾਇਮਰੀ) ਨੇ ਮੌਕੇ ‘ਤੇ ਹੀ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਅਧਿਕਾਰੀਆਂ ਨੇ ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ 21 ਅਗਸਤ ਨੂੰ ਸਿੱਖਿਆ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸਾਰੇ ਮਸਲਿਆਂ ਦੀ ਰਿਪੋਰਟ ਤਿਆਰ ਕਰਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ। ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਈ ਭਰੋਸੇ ਦਿੱਤੇ ਸਨ, ਜੋ ਕਿ ਪੂਰੇ ਨਹੀਂ ਹੋਏ। ਉਨ੍ਹਾਂ ਨੇ ਸਰਕਾਰ ਨੂੰ ਹੇਠ ਲਿਖੀਆਂ ਮੁੱਖ ਮੰਗਾਂ ਨੂੰ ਪੂਰਾ ਕਰਨ ਲਈ ਕਿਹਾ ਕਿ ਡਾ. ਰਵਿੰਦਰ ਕੰਬੋਜ ਅਤੇ ਨਰਿੰਦਰ ਭੰਡਾਰੀ ਦੀਆਂ ਟਰਮੀਨੇਸ਼ਨਾਂ ਰੱਦ ਕਰਕੇ ਸੇਵਾਵਾਂ ਰੈਗੂਲਰ ਕਰਨ ਦਾ ਭਰੋਸਾ ਪੂਰਾ ਨਹੀਂ ਹੋਇਆ। ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਓਡੀਐੱਲ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਅਤੇ ਤਨਖਾਹ ਦੇ ਬਕਾਏ ਜਾਰੀ ਕੀਤੇ ਜਾਣ, 6635 ਈਟੀਟੀ, 3704 ਮਾਸਟਰ ਅਤੇ 899 ਅੰਗਰੇਜ਼ੀ ਅਧਿਆਪਕ ਭਰਤੀ ਦੀਆਂ ਰੀਕਾਸਟ ਚੋਣ ਸੂਚੀਆਂ ਵਿਚੋਂ ਬਾਹਰ ਕੀਤੇ ਗਏ ਕਰੀਬ 300 ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ, 180 ਈਟੀਟੀ ਅਧਿਆਪਕਾਂ ਨੂੰ ਮੁੱਢਲੀ ਭਰਤੀ ਅਨੁਸਾਰ ਬਣਦੇ ਸਾਰੇ ਲਾਭ ਦਿੱਤੇ ਜਾਣ। ਇਸ ਦੇ ਨਾਲ ਹੀ ਹੋਰ ਕਈ ਮੰਗਾਂ ਵੀ ਸਾਂਝੀਆਂ ਕੀਤੀਆਂ ਗਈਆਂ। ਆਗੂਆਂ ਨੇ ਦੱਸਿਆ ਕਿ 5 ਸਤੰਬਰ ਦੇ ਐਕਸ਼ਨ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ 11 ਤੋਂ 13 ਅਗਸਤ ਅਤੇ ਬਲਾਕ ਪੱਧਰੀ ਮੀਟਿੰਗਾਂ 18 ਤੋਂ 20 ਅਗਸਤ ਦੌਰਾਨ ਕੀਤੀਆਂ ਜਾਣਗੀਆਂ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੁੱਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਜਗਪਾਲ ਬੰਗੀ, ਅਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।



