
ਲੁਧਿਆਣਾ, 27 ਜੁਲਾਈ : ਕਬੀਰ ਨਗਰ ਇਲਾਕੇ ’ਚ ਇਕ 9ਵੀਂ ਕਲਾਸ ਦੇ ਵਿਦਿਆਰਥੀ ਨੇ ਸਕੂਲ ਦੇ ਅਧਿਆਪਕਾਂ ਤੋਂ ਦੁਖੀ ਹੋ ਕੇ ਆਪਣੇ ਘਰ ਦੀ ਛੱਤ ’ਤੇ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਫਾਹ ਲਾਉਣ ਤੋਂ ਪਹਿਲਾਂ ਵਿਦਿਆਰਥੀ ਨੇ ਸੁਸਾਇਡ ਨੋਟ ’ਚ ਆਪਣੇ ਅਧਿਆਪਕਾਂ ਬਾਰੇ ਲਿਖਿਆ। ਥਾਣਾ ਡਵੀਜ਼ਨ ਨੰ. ਛੇ ਦੀ ਪੁਲਿਸ ਨੇ ਮਰਤਕ ਦੇ ਪਿਤਾ ਬਲਵਿੰਦਰ ਸੈਨੀ ਦੀ ਸ਼ਿਕਾਇਤ ’ਤੇ 2 ਅਧਿਆਪਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਕਬੀਰ ਨਗਰ ਦੇ ਨੇੜੇ ਨਿਰਮਲ ਪੈਲੇਸ ਵਾਸੀ 13 ਸਾਲਾ ਹਰਸ਼ ਸੈਣੀ ਦੇ ਤੌਰ ’ਤੇ ਹੋਈ ਹੈ, ਜੋ ਮੂਲ ਰੂਪ ਵਿਚ ਦੀਨਾਨਗਰ, ਗੁਰਦਾਸਪੁਰ ਦਾ ਵਾਸੀ ਸੀ। ਏਐੱਸਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰਸ਼ ਦੇ ਪਿਤਾ ਬਲਵਿੰਦਰ ਸੈਣੀ ਇਕ ਕੰਪਨੀ ’ਚ ਅਕਾਊਂਟੈਂਟ ਹਨ। ਹਰਸ਼ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦਾ ਸੀ। ਸ਼ੁੱਕਰਵਾਰ ਦੀ ਦੁਪਹਿਰ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਤੋਂ ਘਰ ਆਇਆ ਪਰ ਪਰਿਵਾਰ ਅਨੁਸਾਰ, ਉਸ ਸਮੇਂ ਉਹ ਕੁਝ ਪਰੇਸ਼ਾਨ ਸੀ। ਦੁਪਹਿਰ ਦਾ ਖਾਣਾ ਖਾਣ ਦੇ ਬਾਅਦ ਉਹ ਆਪਣੇ ਘਰ ਦੀ ਛੱਤ ’ਤੇ ਚਲਾ ਗਿਆ। ਰਾਤ ਕਰੀਬ 8 ਵਜੇ ਜਦੋਂ ਉਸ ਦੇ ਪਿਤਾ ਕੰਮ ਤੋਂ ਵਾਪਸ ਆਏ ਤਾਂ ਉਹ ਘਰ ’ਤੇ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੂੰ ਗਲੀ ਤੇ ਆਸ-ਪਾਸ ਲੱਭਿਆ ਗਿਆ, ਜਦੋਂ ਉਸ ਦਾ ਕੁਝ ਪਤਾ ਨਹੀਂ ਲੱਗਿਆ ਤਾਂ ਉਸ ਦੇ ਪਿਤਾ ਛੱਤ ’ਤੇ ਗਏ। ਪੁਲਿਸ ਅਨੁਸਾਰ ਉੱਥੇ ਹਰਸ਼ ਦੀ ਲਾਸ਼ ਸ਼ੈੱਡ ਦੀ ਪਾਈਪ ਤੋਂ ਚੁੰਨੀ ਦੇ ਸਹਾਰੇ ਲਟਕੀ ਹੋਈ ਸੀ। ਜਾਣਕਾਰੀ ਮਿਲਣ ’ਤੇ ਚੌਕੀ ਸ਼ੇਰਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਵਿਦਿਆਰਥੀ ਦੀ ਜੇਬ ’ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਪਰ ਉਹ ਗਿੱਲਾ ਹੋ ਚੁੱਕਾ ਸੀ। ਪੁਲਿਸ ਨੇ ਸੁਸਾਈਡ ਨੋਟ ਦੇਖ ਕੇ ਵਿਦਿਆਰਥੀ ਦੇ ਪਿਤਾ ਦੇ ਬਿਆਨ ਲਏ ਤੇ ਦੋਸ਼ੀ ਅਧਿਆਪਕਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।



