
ਲੁਧਿਆਣਾ, 27 ਜੁਲਾਈ : ਲੁਧਿਆਣਾ ’ਚ ਇੱਕ ਹੈਰਾਨ ਕਰ ਦੇਣ ਵਾਲੀ ਸਮੂਹਿਕ ਜਬਰ-ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਇੱਕ ਇਲਾਕੇ ਦੀ ਰਹਿਣ ਵਾਲੀ 27 ਸਾਲਾ ਲੜਕੀ, ਜੋ ਆਪਣੀ ਮਾਂ ਨਾਲ ਝਗੜੇ ਤੋਂ ਬਾਅਦ ਘਰ ਛੱਡ ਕੇ ਉੱਤਰ ਪ੍ਰਦੇਸ਼ ਜਾਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੀ। ਲੜਕੀ ਅਜੇ ਰੇਲਵੇ ਸਟੇਸ਼ਨ ’ਤੇ ਹੀ ਮੌਜੂਦ ਸੀ ਕਿ ਉਸ ਨੂੰ 2 ਨੌਜਵਾਨ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਏ। ਹਵਸ ’ਚ ਅੰਨ੍ਹੇ ਹੋਏ ਮੁਲਜ਼ਮ ਲੜਕੀ ਨੂੰ ਭਰੋਸੇ ’ਚ ਲੈ ਕੇ ਤਾਜਪੁਰ ਰੋਡ ਦੇ ਗੁਰੂ ਰਾਮਦਾਸ ਨਗਰ ਦੀ ਇੱਕ ਵੀਰਾਨ ਥਾਂ ’ਤੇ ਲੈ ਗਏ ਤੇ ਲੜਕੀ ਦੀ ਆਬਰੂ ਲੁੱਟ ਲਈ। ਸ਼ਰਮਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਹਰਕਤ ’ਚ ਆਈ ਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਅਜੈ ਕੁਮਾਰ ਉਰਫ਼ ਰਾਜਾ (ਟੈਕਸਟਾਈਲ ਕਾਲੋਨੀ, ਟਿੱਬਾ) ਤੇ ਕਰਨ ਸਹੋਤਾ (ਜੈਨ ਕਾਲੋਨੀ, ਭਾਮੀਆ) ਵਜੋਂ ਹੋਈ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਰਾਤ ਉਹ ਆਪਣੀ ਮਾਂ ਨਾਲ ਝਗੜ ਪਈ। ਬੁਰੀ ਤਰ੍ਹਾਂ ਗੁੱਸੇ ਆਈ ਲੜਕੀ ਘਰ ਛੱਡ ਕੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਾਉ ਜਾਣ ਲਈ ਰੇਲਵੇ ਸਟੇਸ਼ਨ ਚਲੀ ਗਈ। ਲੜਕੀ ਅਜੇ ਰੇਲਵੇ ਸਟੇਸ਼ਨ ’ਤੇ ਟ੍ਰੇਨਾਂ ਬਾਰੇ ਪੁੱਛਗਿੱਛ ਕਰ ਹੀ ਰਹੀ ਸੀ ਕਿ ਇਸੇ ਦੌਰਾਨ ਉਥੇ 2 ਨੌਜਵਾਨ ਆਏ, ਜਿਨ੍ਹਾਂ ਲੜਕੀ ਨੂੰ ਆਖਿਆ ਕਿ ਉੱਤਰ ਪ੍ਰਦੇਸ਼ ਲਈ ਇਸ ਵੇਲੇ ਕੋਈ ਟ੍ਰੇਨ ਨਹੀਂ ਜਾਣੀ ਹੈ। ਮੁਲਜ਼ਮਾਂ ਨੇ ਲੜਕੀ ਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਘਰ ਛੱਡ ਦੇਣਗੇ। ਭਰੋਸੇ ’ਚ ਆਈ ਲੜਕੀ ਉਨ੍ਹਾਂ ਦੇ ਮੋਟਰਸਾਈਕਲ ’ਤੇ ਬੈਠ ਗਈ। ਮੁਲਜ਼ਮ ਉਸ ਨੂੰ ਘਰ ਛੱਡਣ ਦੀ ਬਜਾਏ ਇੱਕ ਵੀਰਾਨ ਥਾਂ ’ਤੇ ਲੈ ਗਏ। ਹਵਸ ’ਚ ਅੰਨ੍ਹੇ ਹੋਏ ਨੌਜਵਾਨਾਂ ਨੇ ਚਾਕੂ ਵੀ ਨੋਕ ’ਤੇ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਲੜਕੀ ਕਿਸੇ ਤਰੀਕੇ ਨਾਲ ਘਰ ਪਹੁੰਚੀ ਤੇ ਆਪਣੇ ਨਾਲ ਹੋਈ ਤਸ਼ੱਦਦ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ। ਬਾਕਸ– ਲੜਕੀ ਨੂੰ ਇਕੱਲਿਆਂ ਦੇਖ ਬਣਾਇਆ ਨਿਸ਼ਾਨਾ ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕੀਤੀ। ਪੁਲਿਸ ਪਾਰਟੀ ਦੋਵਾਂ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ ਹਿਰਾਸਤ ’ਚ ਲਿਆ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਬੇਰੋਜ਼ਗਾਰ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਲੜਕੀ ਨੂੰ ਇਕੱਲਿਆਂ ਦੇਖ ਕੇ ਨਿਸ਼ਾਨਾ ਬਣਾਇਆ ਸੀ। ਸੁਮਿਤ ਸੂਦ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ ’ਤੇ ਝਾਤੀ ਮਾਰ ਰਹੀ ਇਹ ਪਤਾ ਲੱਗਾ ਰਹੀ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਵੀ ਕਿਸੇ ਮਾਸੂਮ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਹੈ ਜਾਂ ਨਹੀਂ।



