ਅਟਾਰੀ ਬਾਰਡਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ, Operation Sindoor ’ਤੇ ਸਰਹੱਦੀ ਲੋਕ ਬੋਲੇ- ਅਸੀਂ ਭਾਰਤੀ ਫ਼ੌਜ ਦੇ ਨਾਲ ਖੜ੍ਹੇ ਹਾਂ

ਅਟਾਰੀ, 8 ਮਈ : ਭਾਰਤ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦਾ ਮੂੰਹਤੋੜ ਜਵਾਬ ਦਿੰਦਿਆਂ ਮੰਗਲਵਾਰ ਰਾਤ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ’ਤੇ ਕੀਤੇ ਗਏ ‘ਅਪ੍ਰੇਸ਼ਨ ਸੰਦੂਰ’ ਤੋਂ ਬਾਅਦ ਅਟਾਰੀ ਬਾਰਡਰ ’ਤੇ ਸਥਿਤ ਆਈਸੀਪੀ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਗਏ ਹਨ ਤੇ ਉਥੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਹਰ ਆਉਣ-ਜਾਣ ਵਾਲੇ ਵਿਅਕਤੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਜਿਸ ’ਤੇ ਵੀ ਸ਼ੱਕ ਪੈਂਦਾ ਹੈ, ਉਸ ਦੀ ਸਖਤ ਪੁੱਛ-ਪੜਤਾਲ ਕਰਨ ਉਪਰੰਤ ਹੀ ਮੰਜ਼ਿਲ ਵੱਲ ਜਾਣ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ‘ਅਪ੍ਰੇਸ਼ਨ ਸੰਦੂਰ’ ਤੋਂ ਬਾਅਦ ਸਰਹੱਦੀ ਲੋਕਾਂ ਦੀ ਜੋਸ਼ ਭਰੀ ਪ੍ਰਤੀਕਿਿਰਆ ਸਾਹਮਣੇ ਆਈ ਹੈ। ਇਸ ਮੌਕੇ ਭਾਰਤੀ ਸਰਹੱਦ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸਥਿਤ ਸਰਹੱਦੀ ਪਿੰਡ ਨੇਸ਼ਟਾ, ਅਟਾਰੀ, ਭਰੋਭਾਲ, ਦਾਉਕੇ ਅਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਵਸਿਆ ਭੈਣੀ ਅਤੇ ਰੋੜਾਂਵਾਲਾ ਖੁਰਦ ਦੇ ਦੌਰੇ ਦੌਰਾਨ ਉਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਰੋੜਾਂਵਾਲਾ ਵਾਸੀ ਰਜਿੰਦਰ ਸਿੰਘ ਅਤੇ ਠਾਕੁਰ ਸਿੰਘ ਨੇ ਕਿਹਾ ਕਿ ਭਾਰਤ ਵੱਲੋਂ ਜੋ ਪਾਕਿਸਤਾਨੀ ਅੱਤਵਾਦੀਆਂ ਖ਼ਿਲਾਫ਼ ‘ਅਪੇ੍ਰਸ਼ਨ ਸੰਦੂਰ’ ਕੀਤਾ ਗਿਆ ਹੈ, ਅਸੀਂ ਉਸ ਦਾ ਸਮੱਰਥਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਈ ਲੋਕਾਂ ਵੱਲੋਂ ਐਂਵੇ ਹੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਖਾਲੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੀ ਅਬਾਦੀ ਕੋਈ 1500 ਦੇ ਕਰੀਬ ਹੈ ਤੇ ਪਿੰਡ ਵਿਚ 99 ਦੇ ਕਰੀਬ ਘਰ ਹਨ ਤੇ 9 ਦੇ ਕਰੀਬ ਜਵਾਨ ਸੀਮਾ ਸੁਰੱਖਿਆ ਬਲ ਤੇ ਇਕ ਭਾਰਤੀ ਆਰਮੀ ਵਿਚ ਦੇਸ਼ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਘਰਾਂ ਵਿਚੋਂ ਕੋਈ ਵੀ ਕਿਤੇ ਨਹੀਂ ਗਿਆ। ਸਾਰੇ ਰੋਜ਼ਮਰ੍ਹਾ ਦੀ ਤਰ੍ਹਾਂ ਆਪਣੇ-ਆਪਣੇ ਕਾਰੋਬਾਰਾਂ ਵਿਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਜੇ ਅਟਾਰੀ-ਵਾਹਗਾ ਸਰਹੱਦ ’ਤੇ ਭਾਰਤ-ਪਾਕਿਸਤਾਨ ਦਰਮਿਆਨ ਜੰਗ ਛਿੜਦੀ ਹੈ ਤਾਂ ਅਸੀਂ ਪਹਿਲੀਆਂ ਜੰਗਾਂ ਦੀ ਤਰ੍ਹਾਂ ਭਾਰਤੀ ਆਰਮੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ। ਇਸ ਮੌਕੇ ਕਾਰੋਬਾਰੀ ਅਨਿਲ ਕੁਮਾਰ ਨੇ ਕਿਹਾ ਕਿ ਅਟਾਰੀ ਬਾਰਡਰ ਦੇ ਨਾਲ ਲੱਗਦੇ ਇਲਾਕੇ ਵਿਚ ਫਿਲਹਾਲ ਅਜੇ ਤੱਕ ਕੋਈ ਡਰ ਵਾਲਾ ਮਾਹੌਲ ਨਹੀਂ ਹੈ ਪਰ ਲੋਕਾਂ ਨੇ ਇਹ ਸੋਚ ਕੇ ਕਿ ਜੇ ਜੰਗ ਛਿੜਦੀ ਹੈ ਤਾਂ ਆਪਣੇ ਖਾਣ-ਪੀਣ ਲਈ ਤਿੰਨ ਤੋਂ ਚਾਰ ਮਹੀਨਿਆਂ ਦਾ ਰਾਸ਼ਨ ਜ਼ਰੂਰ ਪਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਬਣੇ ਤਣਾਅ ਕਾਰਨ ਸਰਹੱਦੀ ਖੇਤਰ ਵਿਚ ਕਾਰੋਬਾਰ ਜ਼ਰੂਰ ਪ੍ਰਭਾਵਿਤ ਹੋਇਆ ਹੈ ਪਰ ਲੋਕਾਂ ਦੀ ਚਹਿਲ-ਪਹਿਲ ਆਮ ਵਰਗੀ ਹੀ ਹੈ। ਇਸ ਮੌਕੇ ਭਰੋਭਾਲ ਵਾਸੀ ਬਿਕਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਨਾਲ ਲੱਗਦੇ ਪਿੰਡ ਦਾਉਕੇ ਅਤੇ ਭੈਣੀ ਵਿਚ ਲੋਕ ਰੋਜ਼ਮਰ੍ਹਾ ਦੀ ਤਰ੍ਹਾਂ ਆਪਣੇ ਖੇਤੀਬਾੜੀ ਦੇ ਕੰਮਾਂ ਵਿਚ ਰੁੱਝੇ ਹਨ। ਕੋਈ ਵੀ ਆਪਣੇ ਘਰ ਛੱਡ ਕੇ ਬਾਹਰ ਨਹੀਂ ਗਿਆ। ਇਸ ਮੌਕੇ ਅਟਾਰੀ ਬਾਰਡਰ ’ਤੇ ਛੋਟਾ-ਮੋਟਾ ਕਾਰੋਬਾਰ ਕਰਨ ਵਾਲੇ ਜਗੀਰ ਸਿੰਘ, ਦਵਿੰਦਰ ਕੁਮਾਰ ਅਤੇ ਵਿਸ਼ਾਲ ਸਿੰਘ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਅਟਾਰੀ ਬਾਰਡਰ ’ਤੇ ਦਿਨ-ਬ-ਦਿਨ ਕਾਰੋਬਾਰ ਘੱਟਦਾ ਗਿਆ ਹੈ ਤੇ ਅੱਜ ਅਟਾਰੀ ਬਾਰਡਰ ’ਤੇ ਸੰਨਾਟਾ ਛਾਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਜਦੋਂ ਵੀ ਤਣਾਅ ਦਾ ਮਾਹੌਲ ਬਣਿਆ ਹੈ ਤਾਂ ਸਾਰਿਆਂ ਨਾਲੋਂ ਜ਼ਿਆਦਾ ਮਾਰ ਅਟਾਰੀ ਬਾਰਡਰ ਦੇ ਨਾਲ ਲੱਗਦੇ ਸਰਹੱਦੀ ਪਿੰਡ ਦੇ ਲੋਕਾਂ ਨੂੰ ਪਈ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਹੁੰਦੀ ਰੀਟਰੀਟ ਸੈਰਾਮਨੀ ਦੇ ਚੱਲਦਿਆਂ ਅਟਾਰੀ ਬਾਰਡਰ ਦੇ ਬਾਹਰ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ, ਜੋ ਹੁਣ ਬੇਰੁਜ਼ਗਾਰੀ ਦੀ ਕਗਾਰ ’ਤੇ ਆ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਜੋ ਆਏ ਦਿਨ ਭਾਰਤ ਖ਼ਿਲਾਫ਼ ਜੋ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਉਸ ਦਾ ਜਵਾਬ ਭਾਰਤ ਵੱਲੋਂ ‘ਅਪ੍ਰੇਸ਼ਨ ਸੰਦੂਰ’ ਚਲਾ ਕੇ ਦਿੱਤਾ ਹੈ। ਉਹ ਸਮੇਂ ਦੀ ਲੋੜ ਸੀ ਅਸੀਂ ਭਾਰਤ ਦੀ ਪਾਕਿ ਵਿਰੁੱਧ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕਰਦੇ ਹਾਂ ਪਰ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਸਰਹੱਦੀ ਲੋਕਾਂ ਦੇ ਕਾਰੋਬਾਰ ਦੀ ਕੁਝ ਇਸ ਤਰ੍ਹਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਹੈ ਇਸ ਦੌਰਾਨ ਰੋਜ਼ੀ-ਰੋਟੀ ਪ੍ਰਭਾਵਿਤ ਨਾ ਹੋਵੇ।



