ਅਜ਼ਾਦੀ ਦਿਵਸ ’ਤੇ ਭਾਰਤ ਮਾਂ ਜਿੰਦਾਬਾਦ ਦੇ ਜੈਕਾਰਿਆਂ ਨਾਲ ਗੂੰਜੀ ਅਟਾਰੀ ਸਰਹੱਦ
ਅੱਤ ਦੀ ਗਰਮੀ ਨਹੀਂ ਰੋਕ ਸਕੀ ਸੈਲਾਨੀਆਂ 'ਚ ਦੇਸ਼ ਭਗਤੀ ਦਾ ਜਨੂੰਨ

ਅਟਾਰੀ, 16 ਅਗਸਤ : ਅੰਤਰਰਾਸ਼ਟਰੀ ਅਟਾਰੀ ਸਰਹੱਦ ਤੇ ਸੀਮਾ ਸੁਰੱਖਿਆ ਬਲ ਸਮੇਤ ਅਟਾਰੀ ਸਰਹੱਦ ’ਤੇ ਉਮੜ ਕੇ ਆਏ ਸੈਲਾਨੀਆਂ ਵਲੋਂ ਦੇਸ਼ ਦਾ 79ਵਾਂ ਅਜ਼ਾਦੀ ਦਿਵਸ ਬੜੇ ਦੇਸ਼ ਭਗਤੀ ਦੇ ਜਨੂੰਨ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਰਨਲ ਦਲਜੀਤ ਸਿੰਘ ਚੌਧਰੀ ਸਮੇਤ ਕਮਿਸ਼ਨਰ ਪੰਜਾਬ ਪੁੁਲਿਸ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਜ਼ਾਦੀ ਦਿਵਸ ਮੌਕੇ ਅਟਾਰੀ ਸਰਹੱਦ ਤੇ ਸਵੇਰ ਤੋਂ ਸਕੂਲੀ ਬੱਚਿਆਂ ਸਮੇਤ ਕਈ ਹੋਰ ਅਦਾਰਿਆਂ ਵਲੋਂ ਰੰਗਾ-ਰੰਗ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਗਿਆ। ਅਟਾਰੀ ਸਰਹੱਦ ਰੀਟਰੀਟ ਦੌਰਾਨ ਭਰੇ ਖਚਾਖਚ ਸਟੇਡੀਅਮ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਅਤੇ ਗਾਇਕਾਂ ਨੇ ਆਪਣੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਅੱਤ ਦੀ ਗਰਮੀ ਵਿਚ ਹਾਜ਼ਰ ਸੈਲਾਨੀਆਂ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਆਜ਼ਾਦੀ ਦਿਵਸ ਮੌਕੇ ਸੀਮਾ ਸੁਰੱਖਿਆਂ ਬਲ ਦੇ ਜ਼ਵਾਨਾਂ ਨੇ ਡਾਗ ਸ਼ੋਅ ਸਮੇਤ ਮੋਟਰ-ਸਾੲਕੀਲਾਂ ’ਤੇ ਜਾਨ ਨੂੰ ਟੁੰਬ ਦੇਣ ਵਾਲੇ ਕਰਤੱਬ ਕਰਦਿਆਂ ਸਟੇਡੀਅਮ ਵਿਚ ਹਾਜ਼ਰ ਸੈਲਾਨੀਆਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਅਟਾਰੀ ਸਰਹੱਦ ’ਤੇ ਹਾਜ਼ਰ ਸੀਮਾ ਸੁਰੱਖਿਆਂ ਬਲ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਅਪ੍ਰੇਸ਼ਨ ਸਿੰਧੂਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਜ਼ਵਾਨਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਦੁਸ਼ਮਣ ਨੂੰ ਲੋਹਾ ਮਨਾਉਂਦੇ ਹੋਏ ਬਹਾਦਰੀ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਵਿਚ ਦੇਸ਼ ਦੇ ਜ਼ਵਾਨਾਂ ਨੇ ਇਕ ਵੱਡੀ ਕਾਰਵਾਈ ਕਰਦਿਆਂ ਹੋਇਆ ਅੱਤਵਾਦੀਆਂ ਦੇ ਕਈ ਲਾਂਚ ਪੈਡ ਤਬਾਅ ਕਰ ਦਿੱਤੇ ਜਿਸ ਦੌਰਾਨ ਅੱਤਵਾਦੀਆਂ ਦੇ ਕੋਈ 118 ਦੇ ਕਰੀਬ ਚੌਂਕੀਆਂ ਨੂੰ ਵੀ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ।



