Punjab

ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਾ ਪੁੱਤਰ ਬੀਅਰ ਦੀਆਂ ਅੱਠ ਪੇਟੀਆਂ ਸਮੇਤ ਗ੍ਰਿਫ਼ਤਾਰ

ਰੂਪਨਗਰ, 17 ਜੂਨ :  ਰੂਪਨਗਰ-ਕੀਰਤਪੁਰ ਸਾਹਿਬ ਸੜਕ ’ਤੇ ਪਿੰਡ ਦੁੱਗਰੀ ਨੇੜੇ ਸਵੀਮਿੰਗ ਪੂਲ ਦੇ ਇੱਕ ਕਮਰੇ ’ਚੋਂ ਪੁਲਿਸ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਬੀਅਰ ਦੀਆਂ ਅੱਠ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਸਵੀਮਿੰਗ ਪੂਲ ਅਕਾਲੀ ਦਲ ਬਾਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਦੇ ਪੁੱਤਰ ਪਰਮਪ੍ਰੀਤ ਇੰਦਰ ਸਿੰਘ ਵੱਲੋਂ ਚਲਾਇਆ ਜਾਂਦਾ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਦਰ ਰੂਪਨਗਰ ਥਾਣੇ ਦੇ ਜਾਂਚ ਅਧਿਕਾਰੀ ਐੱਸਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਘਨੌਲੀ ਬੈਰੀਅਰ ’ਤੇ ਆਮ ਵਾਂਗ ਵਾਹਨਾਂ ਦੀ ਜਾਂਚ ਕਰ ਰਹੇ ਸਨ ਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੇ ਸਨ। ਇਸੇ ਦੌਰਾਨ ਆਬਕਾਰੀ ਵਿਭਾਗ ਸਰਕਲ ਰੂਪਨਗਰ ਦੇ ਇੰਸਪੈਕਟਰ ਜ਼ੋਰਾਵਰ ਸਿੰਘ ਅਤੇ ਆਬਕਾਰੀ ਇੰਸਪੈਕਟਰ ਸੁਰਜੀਤ ਸਿੰਘ, ਸਰਕਲ ਇੰਚਾਰਜ ਐੱਲ-ਵਨ ਵੀ ਮੌਕੇ ’ਤੇ ਪਹੁੰਚ ਗਏ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਾਲ ਲੱਗਦੇ ਪਿੰਡ ਦੁੱਗਰੀ ਦੀ ਹੱਦ ’ਚ ਇਕ ਖੇਤ ਦੇ ਕਿਨਾਰੇ ਸਵੀਮਿੰਗ ਪੂਲ ਬਣਾਇਆ ਗਿਆ ਹੈ।ਸਸਤੇ ਭਾਅ ’ਤੇ ਬੀਅਰ ਲਿਆਉਣ ਤੋਂ ਬਾਅਦ ਇਸਨੂੰ ਸਵੀਮਿੰਗ ਪੂਲ ’ਚ ਨਹਾਉਣ ਆਉਣ ਵਾਲੇ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਿਆ ਜਾਂਦਾ ਹੈ। ਉਨ੍ਹਾਂ ਦੀ ਟੀਮ ਨੇ ਜਦੋਂ ਛਾਪਾ ਮਾਰਿਆ ਤਾਂ ਸਵੀਮਿੰਗ ਪੂਲ ’ਚ ਬਣੇ ਇੱਕ ਕਮਰੇ ’ਚੋਂ ਵੱਡੀ ਮਾਤਰਾ ’ਚ ਬੀਅਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੰਨੀ ਜ਼ਿਆਦਾ ਬੀਅਰ ਦੀ ਸਟੋਰੇਜ ਤੇ ਵਿਕਰੀ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਉਪਲਬਧ ਨਾ ਹੋਣ ਕਾਰਨ ਪਰਮਪ੍ਰੀਤ ਇੰਦਰ ਸਿੰਘ ਪੁੱਤਰ ਗੁਰਿੰਦਰ ਸਿੰਘ ਗੋਗੀ ਵਾਸੀ ਪਿੰਡ ਘਨੌਲੀ ਜ਼ਿਲ੍ਹਾ ਰੂਪਨਗਰ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button