SGPC ਤੇ ਪਾਰਟੀ ਫ਼ੈਸਲਿਆਂ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ, ਅਕਾਲੀ ਦਲ ਵੱਲੋਂ ਜਾਰੀ ਹੋਵੇਗਾ ਕਾਰਨ ਦੱਸੋ ਨੋਟਿਸ

ਚੰਡੀਗੜ੍ਹ, 10 ਮਾਰਚ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਫ਼ੈਸਲਿਆਂ ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਰੋਕਣ ਲਈ ਪਾਰਟੀ ਹੁਣ ਉਨ੍ਹਾਂ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਕੁੱਝ ਆਗੂਆਂ ਵੱਲੋਂ ਐੱਸਜੀਪੀਸੀ ਤੇ ਅਕਾਲੀ ਦਲ ਦੇ ਫ਼ੈਸਲਿਆਂ ਖ਼ਿਲਾਫ਼ ਬਿਆਨਬਾਜ਼ੀ ਤੇ ਵੀਡੀਓ ਜਾਰੀ ਕਰਨ ਨੂੰ ਲੈ ਕੇ ਨੋਟਿਸ ਲਿਆ ਹੈ। ਇਸ ਮੁੱਦੇ ’ਤੇ ਚੰਡੀਗੜ੍ਹ ਵਿਚ ਸੰਸਦੀ ਬੋਰਡ ਦੀ ਮੀਟਿੰਗ ਹੋਈ, ਜਿਸ ਵਿਚ ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਅਤੇ ਡਾ. ਦਲਜੀਤ ਸਿੰਘ ਚੀਮਾ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਾਰਟੀ ਮੰਚ ’ਤੇ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਪਰ ਕਿਸੇ ਨੂੰ ਵੀ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕੋਈ ਵੀ ਪਾਰਟੀ ਤੋਂ ਉੱਪਰ ਨਹੀਂ ਹੈ। ਭੂੰਦੜ ਨੇ ਕਿਹਾ ਕਿ ਪਾਰਟੀ ਵਿਰੋਧੀ ਸਾਰੀਆਂ ਬਿਆਨਬਾਜ਼ੀਆਂ ਤੇ ਵੀਡੀਓਜ਼ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੂੰ ਭੇਜਿਆ ਜਾ ਰਿਹਾ ਹੈ ਅਤੇ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੇ ਜਵਾਬਾਂ ’ਤੇ ਵਿਚਾਰ ਕਰਨ ਤੋਂ ਬਾਅਦ ਯੋਗਤਾ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਪਾਰਟੀ ਵੱਲੋਂ ਸਖ਼ਤ ਨੋਟਿਸ ਲਏ ਜਾਣ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਪਾਰਟੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਸਣੇ ਇਕ ਦਰਜਨ ਦੇ ਕਰੀਬ ਆਗੂਆਂ ’ਤੇ ਕਾਰਵਾਈ ਕਰਨ ਦਾ ਮਨ ਬਣਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਇਕ ਤੋਂ ਦੋ ਦਿਨਾਂ ਵਿਚ ਹੀ ਇਨ੍ਹਾਂ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ, ਤਾਂ ਕਿ ਪਾਰਟੀ ਵਿਰੋਧ ਵਿਚ ਉੱਠਣ ਵਾਲੀਆਂ ਆਵਾਜ਼ਾਂ ’ਤੇ ਰੋਕ ਲੱਗ ਸਕੇ।



