RCB ਦੀ ਜਿੱਤ ਦੇ ਪਰਦੇ ਪਿਛਲੇ ਨਾਇਕ ਫਿਰੋਜ਼ਪੁਰ ਦਾ ਜੰਮਪਲ ਮੇਜਰ ਸ਼ਮਿੰਦਰ ਸਿੰਘ ਸਿੱਧੂ, ਟੀਮ ਦੇ ਹਨ ਆਪ੍ਰੇਸ਼ਨਲ ਮੈਨੇਜਰ

ਬਾਲ ਕਿਸ਼ਨ
ਫਿਰੋਜ਼ਪੁਰ, 6 ਜੂਨ : ਕਿਸੇ ਵੀ ਵੱਡੀ ਟੀਮ ਦੀ ਜਿੱਤ ਸਿਰਫ਼ ਮੈਦਾਨ ’ਚ ਦੌੜ ਰਹੇ ਖਿਡਾਰੀਆਂ ਦੀ ਮਿਹਨਤ ਨਹੀਂ ਹੁੰਦੀ, ਉਸ ਦੇ ਪਿੱਛੇ ਇਕ ਸਾਂਝੀ ਕੋਸ਼ਿਸ਼ ਹੁੰਦੀ ਹੈ। ਕੋਚਿੰਗ ਸਟਾਫ, ਪ੍ਰਬੰਧਕ ਟੀਮ ਤੇ ਉਹ ਨਾਇਕ ਜੋ ਸਿੱਧੇ ਤੌਰ ’ਤੇ ਕਦੇ ਕੈਮਰੇ ਸਾਹਮਣੇ ਨਹੀਂ ਆਉਂਦੇ। ਆਰਸੀਬੀ ਦੀ ਆਈਪੀਐਲ 2025 ਦੀ ਜਿੱਤ ’ਚ ਅਜਿਹਾ ਹੀ ਇਕ ਨਾਂ ਉਭਰ ਕੇ ਸਾਹਮਣੇ ਆਇਆ ਹੈ, ਫਿਰੋਜ਼ਪੁਰ ਦੇ ਜੰਮਪਲ ਤੇ ਮਲੋਟ ਨਿਵਾਸੀ, ਸੇਵਾਮੁਕਤ ਫੌਜੀ ਮੇਜਰ ਸ਼ਮਿੰਦਰ ਸਿੰਘ ਸਿੱਧੂ, ਜੋ ਟੀਮ ਦੇ ਆਪਰੇਸ਼ਨਲ ਮੈਨੇਜਰ ਹਨ। 3 ਮਈ ਨੂੰ ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਆਈਪੀਐੱਲ ਇਤਿਹਾਸ ’ਚ ਆਪਣਾ ਪਹਿਲਾ ਖਿਤਾਬ ਜਿੱਤਿਆ। ਭਾਵੇਂ ਇਸ ਜਿੱਤ ਦਾ ਸਿਹਰਾ ਵਿਰਾਟ ਕੋਹਲੀ ਤੇ ਹੋਰ ਸਿਤਾਰਿਆਂ ਸਿਰ ਬੰਨਿਆਂ ਜਾ ਰਿਹਾ ਹੈ ਪਰ ਟੀਮ ਦੀ ਪਿੱਠ ’ਤੇ ਨਜ਼ਰ ਮਾਰੀਏ ਤਾਂ ਹਰ ਫਰੰਟ ’ਤੇ ਚੁਸਤ ਤੇ ਸੰਘਰਸ਼ਸ਼ੀਲ ਆਪਰੇਸ਼ਨਲ ਮੈਨੇਜਰ ਮੇਜਰ ਸਿੱਧੂ ਦੀ ਭੂਮਿਕਾ ਵੀ ਉਨੀ ਹੀ ਅਹਿਮ ਰਹੀ ਹੈ। ਮੌਜੂਦਾ ਸਮੇਂ ’ਚ ਉਹ ਆਈਪੀਐੱਲ ਟੀਮ ਰਾਇਲ ਚੈਲੈਂਜਰਜ਼ ਬੈਂਗਲੁਰੂ ਨਾਲ ਆਪਰੇਸ਼ਨਲ ਮੈਨੇਜਰ ਵਜੋਂ ਜੁੜੇ ਹੋਏ ਹਨ। ਸੂਤਰਾਂ ਅਨੁਸਾਰ, ਵਿਰਾਟ ਕੋਹਲੀ ਸਣੇ ਟੀਮ ਦੇ ਕਈ ਸਿਤਾਰੇ ਉਨ੍ਹਾਂ ’ਤੇ ਪੂਰਾ ਭਰੋਸਾ ਕਰਦੇ ਹਨ। ਟੀਮ ਸੰਬੰਧੀ ਕਿਸੇ ਵੀ ਅਹਿਮ ਫੈਸਲੇ ’ਚ ਉਨ੍ਹਾਂ ਦੀ ਸਲਾਹ ਲੈਣਾ ਆਮ ਗੱਲ ਹੈ। ਉਹ ਟੀਮ ਦੀ ਰੋਜ਼ਾਨਾਂ ਲਾਜਿਸਟਿਕਸ, ਪ੍ਰਸਿੱਧ ਖਿਡਾਰੀਆਂ ਦੀਆਂ ਜ਼ਰੂਰਤਾਂ, ਟ੍ਰੈਵਲ, ਰਿਹਾਇਸ਼ ਤੇ ਮਨੋਵਿਗਿਆਨਕ ਤੰਦਰੁਸਤੀ ਵਰਗੇ ਅਨੇਕ ਪੱਖਾਂ ਦੀ ਦੇਖਭਾਲ ਕਰਦੇ ਹਨ। ਉਨ੍ਹਾਂ ਦੇ ਸੁਚੱਜੇ ਇੰਤਜ਼ਾਮਾਂ ਕਰਕੇ ਟੀਮ ਦਾ ਮਾਹੌਲ ਹਮੇਸ਼ਾ ਚੁਸਤ, ਲੀਨ ਤੇ ਅਨਕਲਟਰਡ ਬਣਿਆ ਰਹਿੰਦਾ ਹੈ।



