
ਲੁਧਿਆਣਾ, 21 ਜੁਲਾਈ : ਪੰਜਾਬ ਐਗਰੀਕਲਕਰਲ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਤੇ ਪ੍ਰਸਿੱਧ ਰੰਗਕਰਮੀ ਡਾ. ਨਿਰਮਲ ਜੌੜਾ ਨੂੰ ਗਲਾਸਗੋ ਸਕਾਟਲੈਂਡ ਵਿਖੇ ਗੁਰਬਚਨ ਸਿੰਘ ਖੁਰਮੀ ਯਾਦਗਾਰੀ ਐਵਾਰਡ ਤੇ ਗੋਲਡ ਮੈਡਲ ਪ੍ਰਦਾਨ ਕੀਤਾ ਜਾਵੇਗਾ। ਅਦਾਰਾ ਪੰਜ ਦਰਿਆ ਵੱਲੋਂ ਕਰਵਾਏ ਜਾ ਰਹੇ ਇਸ ਸਾਹਿਤਕ ਸਮਾਗਮ ਦੌਰਾਨ ਨਿਰਮਲ ਜੌੜਾ ਨਾਲ ਰੂਬਰੂ ਵੀ ਹੋਵੇਗਾ। ਇਸ ਸਮਾਗਮ ’ਚ ਪੰਜਾਬੀ ਨਾਵਲਕਾਰ ਜੱਗੀ ਕੁੱਸਾ, ਡਾ. ਤਾਰਾ ਸਿੰਘ ਆਲਮ ਤੇ ਕਰਨੈਲ ਸਿੰਘ ਚੀਮਾ ਸਮੇਤ ਇੰਗਲੈਂਡ ਦੀਆਂ ਅਦਬੀ ਸਖ਼ਸ਼ੀਅਤਾਂ ਸ਼ਿਰਕਤ ਕਰਨਗੀਆਂ। ਜਾਣਕਾਰੀ ਦਿੰਦਿਆਂ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਨਿਰਮਲ ਜੌੜਾ ਨੇ ਨਾਟਕ ਤੇ ਰੰਗਮਚ ਦੇ ਖੇਤਰ ’ਚ ਅਹਿਮ ਕਾਰਜ ਕੀਤੇ ਹਨ ਤੇ ਕਰ ਰਹੇ ਹਨ। ਢੱਟ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਪ੍ਰਬੰਧਕ ਮਨਦੀਪ ਖੁਰਮੀ ਹਨ। ਸੈਂਟਰਲ ਮੇਲ ਮਿਲਾਪ ਸੈਂਟਰ ਕਾਨਫਰੰਸ ਹਾਲ ’ਚ ਹੋਣ ਜਾ ਰਹੇ ਇਸ ਸਮਾਗਮ ਦੌਰਾਨ ਡਾ. ਨਿਰਮਲ ਜੌੜਾ ਆਪਣੇ ਜੀਵਨ ਸਫ਼ਰ ਬਾਰੇ ਚਾਨਣਾ ਪਾਉਣਗੇ। ਢੱਟ ਨੇ ਦੱਸਿਆ ਕਿ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਆਪਣੇ ਮਰਹੂਮ ਗੀਤਕਾਰ ਪਿਤਾ ਗੁਰਬਚਨ ਸਿੰਘ ਖੁਰਮੀ ਦੀ ਯਾਦ ’ਚ ਪਹਿਲਾ ਐਵਾਰਡ ਨਿਰਮਲ ਜੌੜਾ ਨੂੰ ਦਿੱਤਾ ਜਾ ਰਿਹਾ ਹੈ।



