NRI ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਨਿਆਇਕ ਹਿਰਾਸਤ 'ਚੋਂ ਹੋਇਆ ਸੀ ਫਰਾਰ ਤੇ ਹੁਣ CM Mann ਦੀ ਫੇਕ ਵੀਡੀਓ ਵਾਇਰਲ ਕਰ ਕੇ ਮੁੜ ਚਰਚਾ 'ਚ ਆਇਆ

ਜਸਵਿੰਦਰ ਸਿੰਘ ਸੰਧੂ
ਫਰੀਦਕੋਟ, 26 ਅਕਤੂਬਰ : ਫਰੀਦਕੋਟ ਸ਼ਹਿਰ ਦੀ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਕ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਐਨਆਰਆਈ ਅਤੇ ਸੰਗਰੂਰ ਦੇ ਪਿੰਡ ਫੱਗੂਵਾਲਾ ਨਿਵਾਸੀ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਖ਼ਿਲਾਫ਼ ਫਰੀਦਕੋਟ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਹੈ। ਜਗਮਨ ਸਮਰਾ ਨੂੰ ਧੋਖਾਧੜੀ ਦੇ ਇਕ ਮਾਮਲੇ ‘ਚ ਫਿਰੋਜ਼ਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਨਿਆਇਕ ਹਿਰਾਸਤ ‘ਚ ਫਰੀਦਕੋਟ ਜੇਲ੍ਹ ‘ਚ ਬੰਦ ਕੀਤਾ ਸੀ। ਉਹ 1 ਫਰਵਰੀ 2022 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਤੋਂ ਜੇਲ੍ਹ ਦੇ ਮੁਲਾਜ਼ਮਾਂ ਨੂੰ ਧੋਖਾ ਦੇ ਕੇ ਭੱਜ ਗਿਆ ਸੀ, ਜਦੋਂਕਿ ਉਸਨੂੰ ਜੇਲ੍ਹ ਵਿਚ ਬਿਮਾਰ ਹੋਣ ਕਾਰਨ ਇਲਾਜ ਲਈ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਜਗਮਨ ਸਮਰਾ, ਜੋ ਕਿ ਧੋਖਾਧੜੀ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸੀ, ਦੇ ਭੱਜ ਜਾਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਿਟੀ ਫਰੀਦਕੋਟ ਥਾਣੇ ‘ਚ ਉਸ ਦੇ ਖ਼ਿਲਾਫ਼ ਤੇ ਨਿਗਰਾਨੀ ‘ਚ ਤਾਇਨਾਤ ਜੇਲ੍ਹ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੁਣ ਪੁਲਿਸ ਨੇ ਅਦਾਲਤ ਤੋਂ 22 ਅਕਤੂਬਰ 2025 ਨੂੰ ਜਗਮਨ ਸਮਰਾ ਦਾ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਹੈ। ਪੁਲਿਸ ਸੂਤਰਾਂ ਅਨੁਸਾਰ, ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਖ਼ਿਲਾਫ਼ 28 ਨਵੰਬਰ 2020 ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਤਲਵੰਡੀ ਭਾਈ ‘ਚ ਧੋਖਾਧੜੀ ਦਾ ਇਕ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਨਿਆਇਕ ਹਿਰਾਸਤ ‘ਚ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ।
ਫਰੀਦਕੋਟ ਤੋਂ ਫਰਾਰ ਹੋ ਕੇ ਕੈਨੇਡਾ ਪਰਤਿਆ ਸਮਰਾ
ਜੇਲ੍ਹ ‘ਚ ਬਿਮਾਰ ਹੋਣ ਕਾਰਨ ਉਸਨੂੰ 23 ਦਸੰਬਰ 2021 ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਹ ਜੇਲ੍ਹ ਕਰਮਚਾਰੀਆਂ ਨੂੰ ਚਕਮਾ ਦੇ ਕੇ ਭੱਜ ਗਿਆ ਅਤੇ ਬਾਅਦ ਵਿਚ ਦੁਬਾਰਾ ਕੈਨੇਡਾ ਚਲਾ ਗਿਆ। ਜਾਣਕਾਰੀ ਅਨੁਸਾਰ, ਜਗਮਨ ਸਮਰਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਮਾਨ ਦੀ ਫੇਕ ਵੀਡੀਓ ਵਾਇਰਲ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੋਹਾਲੀ ਵਿਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ।



