NIA ਨੇ ਬਟਾਲਾ ‘ਚ ਦਿੱਤੀ ਦਸਤਕ, ਬੀਤੇ ਦਿਨ ਥਾਣਿਆਂ ‘ਤੇ ਹਮਲਾ ਕਰਨ ਵਾਲਿਆਂ ਮੁਲਜ਼ਮਾਂ ਦੇ ਪਰਿਵਾਰਾਂ ਤੋਂ ਕੀਤੀ ਪੁੱਛਗਿੱਛ

ਬਟਾਲਾ, 16 ਮਈ- ਅੱਜ ਸਵੇਰੇ ਕਰੀਬ 5 ਵਜੇ ਕਿਲਾ ਲਾਲ ਸਿੰਘ ਦੀਆਂ ਕਾਲੋਨੀਆਂ ਵਿੱਚ ਐਨਆਈਏ ਵੱਲੋਂ ਰੇਡ ਕੀਤੀ ਗਈ ਤੇ ਇੱਕ ਘਰ ਵਿੱਚ ਦਾਖਲ ਹੋ ਕੇ ਉੱਥੇ ਇਕ ਨੌਜਵਾਨ ਪਾਸੋਂ ਪੁੱਛਗਿਛ ਕੀਤੀ ਗਈ। ਕਰੀਬ ਦੋ ਘੰਟੇ ਉਸ ਘਰ ਵਿੱਚ ਰਹਿਣ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਐਨਆਈਏ ਦੀ ਟੀਮ ਉਸ ਨੌਜਵਾਨ ਨੂੰ ਆਪਣੇ ਨਾਲ ਲੈ ਗਈ। ਜਦ ਪੱਤਰਕਾਰਾਂ ਵੱਲੋਂ ਉਸ ਘਰ ਵਿੱਚ ਜਾ ਕੇ ਪਤਾ ਕੀਤਾ ਗਿਆ ਤਾਂ ਕੁਲਵਿੰਦਰ ਕੌਰ ਪਤਨੀ ਹਰਭਜਨ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਕਰੀਬ 5 ਵਜੇ ਐਨ ਆਈ ਏ ਤੇ ਪੁਲਿਸ ਪਾਰਟੀ ਇੱਕਦਮ ਉਹਨਾਂ ਦੇ ਘਰ ਵਿੱਚ ਦਾਖਲ ਹੋਈ ਤੇ ਉਹਨਾਂ ਵੱਲੋਂ ਘਰ ਦੀ ਥਾਂ-ਥਾਂ ‘ਤੇ ਤਲਾਸ਼ੀ ਲਈ ਗਈ ਅਤੇ ਮੇਰੇ ਪੁੱਤਰ ਲਵਜੋਤ ਸਿੰਘ ਪਾਸੋਂ ਪੁੱਛਗਿੱਛ ਕੀਤੀ ਗਈ। ਉਹਨਾਂ ਦੱਸਿਆ ਕਿ ਦੋ ਘੰਟੇ ਤੋਂ ਵੀ ਜਿਆਦਾ ਸਮਾਂ ਪੁਲਿਸ ਵੱਲੋਂ ਸਾਡੇ ਘਰ ਵਿੱਚ ਤਲਾਸ਼ੀ ਲਈ ਗਈ ਅਤੇ ਮੇਰੇ ਪੁੱਤਰ ਕੋਲੋਂ ਪੁੱਛਗਿੱਛ ਕੀਤੀ ਗਈ। ਪਰ ਉਹਨਾਂ ਨੂੰ ਤਲਾਸ਼ੀ ਦੌਰਾਨ ਘਰ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਪਰ ਫਿਰ ਵੀ ਉਹ ਮੇਰੇ ਛੋਟੇ ਬੇਟੇ ਲਵਜੋਤ ਸਿੰਘ ਉਰਫ ਕਾਕਾ ਨੂੰ ਨਾਲ ਲੈ ਗਈ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਲਵਜੋਤ ਸਿੰਘ ਚੰਡੀਗੜ੍ਹ ਵਿਖੇ ਇੱਕ ਬੇਕਰੀ ਦੀ ਦੁਕਾਨ ‘ਤੇ ਨੌਕਰੀ ਕਰਦਾ ਹੈ। ਦੋ ਦਿਨ ਪਹਿਲਾਂ ਹੀ ਉਹ ਛੁੱਟੀ ਲੈ ਕੇ ਘਰ ਆਇਆ ਸੀ ਤੇ ਅੱਜ ਸਵੇਰੇ ਐਨਆਈਏ ਦੀ ਟੀਮ ਵੱਲੋਂ ਉਸ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ। ਕੁਲਵਿੰਦਰ ਕੌਰ ਤੇ ਉਸ ਦੇ ਨਜ਼ਦੀਕੀ ਹੋਰ ਘਰਾਂ ਦੇ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸਦੇ ਬੇਕਸੂਰ ਪੁੱਤਰ ਲਵਜੋਤ ਸਿੰਘ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ। ਕਰੀਬ ਚਾਰ ਘੰਟੇ ਪੁੱਛ ਗਿੱਛ ਤੋਂ ਬਾਅਦ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਲਵਜੋਤ ਸਿੰਘ ਉਰਫ ਕਾਕਾ ਨੂੰ ਛੱਡ ਦਿੱਤਾ ਗਿਆ ਪਰ ਨਾਲ ਹੀ ਉਸ ਨੂੰ ਸ਼ਨੀਵਾਰ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।



