Punjab

Good News : ਵੇਰਕਾ ਨੇ ਆਪਣੇ ਗਾਹਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਹੁਣ ਇਸ ਕੀਮਤ ‘ਤੇ ਮਿਲੇਗਾ ਦੁੱਧ

ਬਾਲ ਕਿਸ਼ਨ

ਫਿਰੋਜ਼ਪੁਰ, 11 ਅਗਸਤ : ਪੰਜਾਬ ਦਾ ਮਾਣ ਅਤੇ ਸਹਿਕਾਰੀ ਦੁੱਧ ਉਤਪਾਦਨ ਖੇਤਰ ਦਾ ਮੋਹਰੀ ਬ੍ਰਾਂਡ ਵੇਰਕਾ ਹਮੇਸ਼ਾ ਹੀ ਗੁਣਵੱਤਾ, ਭਰੋਸੇਯੋਗਤਾ ਅਤੇ ਗ੍ਰਾਹਕ-ਕੇਂਦ੍ਰਿਤ ਸੋਚ ਲਈ ਜਾਣਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਗ੍ਰਾਹਕਾਂ ਨੂੰ ਵਧੀਆ ਮੁੱਲ ਅਤੇ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ ਦੇ ਆਪਣੇ ਸੰਕਲਪ ਨੂੰ ਮਜ਼ਬੂਤ ਕਰਦਿਆਂ, ਵੇਰਕਾ ਫਿਰੋਜ਼ਪੁਰ ਡੇਅਰੀ ਦੀ ਇਕ ਵਿਸ਼ੇਸ਼ ਨਵੀਂ ਪੇਸ਼ਕਸ਼ ਦਾ ਐਲਾਨ ਕੀਤਾ ਹੈ, ਹੁਣ 1050 ਮਿ.ਲੀ. ਦਾ ਦੁੱਧ ਪੈਕ ਸਿਰਫ਼ 1000 ਮਿ.ਲੀ. ਦੀ ਕੀਮਤ ’ਤੇ ਉਪਲਬੱਧ ਹੋਵੇਗਾ। ਮਿਲਕਫੈੱਡ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (ਆਈਏਐੱਸ) ਦੀ ਰਹਿਨੁਮਾਈ ਹੇਠ ਇਹ ਵਿਲੱਖਣ ਸਕੀਮ ਵੇਰਕਾ ਵੱਲੋਂ ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਫ਼ਰੀਦਕੋਟ ਦੇ ਗ੍ਰਾਹਕ ਭਲਾਈ ਲਈ ਇਕ ਖ਼ਾਸ ਫ਼ੈਸਲਾ ਹੈ। ਇਸਦੇ ਅਧੀਨ, ਹਰ ਪੈਕ ਵਿਚ ਗ੍ਰਾਹਕਾਂ ਨੂੰ ਵਾਧੂ 50 ਮਿ.ਲੀ. ਦੁੱਧ ਬਿਨ੍ਹਾ ਕਿਸੇ ਵਾਧੂ ਕੀਮਤ ਦੇ ਮਿਲੇਗਾ। ਇਹ ਕੇਵਲ ਇਕ ਆਰਥਿਕ ਲਾਭ ਹੀ ਨਹੀਂ, ਸਗੋਂ ਪਰਿਵਾਰਾਂ ਲਈ ਵੱਧ ਪੋਸ਼ਣ, ਵਧੀਆ ਸਿਹਤ ਅਤੇ ਬਿਹਤਰ ਮੁੱਲ ਦਾ ਵਾਅਦਾ ਵੀ ਹੈ। ਅਜੋਕੇ ਸਮੇਂ ਵਿਚ ਜਿੱਥੇ ਕੰਪਨੀਆਂ ਵੱਲੋਂ ਗ੍ਰਾਹਕਾਂ ਲਈ ਉਤਪਾਦਾਂ ਦੇ ਰੇਟ ਲਗਾਤਾਰ ਵਧਾਏ ਜਾ ਰਹੇ ਹਨ, ਉਥੇ ਹੀ ਵੇਰਕਾ ਫ਼ਿਰੋਜ਼ਪੁਰ ਡੇਅਰੀ ਦੀ ਇਹ ਪੇਸ਼ਕਸ਼ ਲੋਕਾਂ ਦੀ ਜੇਬ ਲਈ ਰਾਹਿਤ ਪ੍ਰਦਾਨ ਕਰੇਗੀ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਵੇਰਕਾ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਸਮੂਹ ਬੋਰਡ ਅਤੇ ਪ੍ਰਬੰਦਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵੇਰਕਾ ਦੇ ਉਤਪਾਦਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਵੇਰਕਾ ਫ਼ਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਵੇਰਕਾ ਸਦਾ ਤੋਂ ਹੀ ਪੰਜਾਬ ਦੇ ਘਰ-ਘਰ ਦੀ ਪਸੰਦ ਬਣੀ ਹੈ। ਸਾਡੇ ਲਈ ਗ੍ਰਾਹਕਾਂ ਦਾ ਭਰੋਸਾ ਸਭ ਤੋਂ ਵੱਡੀ ਪੂੰਜੀ ਹੈ। ਇਹ ਨਵੀਂ ਪੇਸ਼ਕਸ਼ ਸਾਡੇ ਉਸ ਵਾਅਦੇ ਦੀ ਪੁਸ਼ਟੀ ਕਰਦੀ ਹੈ ਕਿ ਅਸੀਂ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੇ ਉਤਪਾਦ ਸਭ ਤੋਂ ਵਧੀਆ ਕੀਮਤ ’ਤੇ ਮੁਹੱਈਆ ਕਰਦੇ ਰਹਾਂਗੇ।” ਨਵਾਂ 1050 ਮਿ.ਲੀ. ਦੁੱਧ ਪੈਕ ਹੁਣ ਵੇਰਕਾ ਦੇ ਸਾਰੇ ਅਧਿਕਾਰਤ ਬੂਥਾਂ, ਰੀਟੇਲ ਕਾਊਂਟਰਾਂ ਅਤੇ ਵਿਸ਼ਾਲ ਰਿਟੇਲ ਨੈੱਟਵਰਕ ’ਤੇ ਤੁਰੰਤ ਉਪਲਬੱਧ ਹੈ।ਗ੍ਰਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਵਿਸ਼ੇਸ਼ ਸਕੀਮ ਦਾ ਜਲਦੀ ਤੋਂ ਜਲਦੀ ਲਾਭ ਉਠਾਇਆ ਜਾਵੇ, ਕਿਉਂਕਿ ਇਹ ਸੀਮਿਤ ਸਮੇਂ ਲਈ ਹੀ ਉਪਲਬੱਧ ਰਹੇਗੀ। ਇਸ ਮੌਕੇ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਬੋਰਡ ਡਾਇਰੈਕਟਰ ਹਰਮੀਤ ਸਿੰਘ, ਜਨਰਲ ਮੈਨੇਜਰ ਸੁਗਿਆਨ ਪ੍ਰਸ਼ਾਦ, ਮੈਨੇਜਰ ਦੁੱਧ ਪ੍ਰਾਪਤੀ ਹਰਿੰਦਰ ਸਿੰਘ, ਮੈਨੇਜਰ ਪ੍ਰੋਡਕਸ਼ਨ ਐੱਚਪੀ ਬਾਹਰੀ, ਡਿਪਟੀ ਮੈਨੇਜਰ ਮਾਰਕਟਿੰਗ ਚਸ਼ਨਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button