GNDU ਨੇ ਜਾਰੀ ਕੀਤਾ UCET 2025 ਲਈ ਕਾਊਂਸਲਿੰਗ ਸ਼ਡਿਊਲ
ਵੱਖ-ਵੱਖ ਅੰਡਰਗ੍ਰੈਜੂਏਟ ਪ੍ਰੋਗਰਾਮਾਂ 'ਚ ਦਿੱਤੇ ਜਾਣਗੇ ਦਾਖਲੇ

ਅੰਮ੍ਰਿਤਸਰ, 4 ਜੁਲਾਈ 2025 : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ (ਅੰਡਰਗ੍ਰੈਜੂਏਟ) 2025 ਲਈ ਕਾਊਂਸਲਿੰਗ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕਾਊਂਸਲਿੰਗ 3 ਜੁਲਾਈ ਤੋਂ 7 ਜੁਲਾਈ 2025 ਤੱਕ ਯੂਨੀਵਰਸਿਟੀ ਕੈਂਪਸ ਵਿਖੇ ਹੋਵੇਗੀ, ਜਿੱਥੇ ਵੱਖ-ਵੱਖ ਅੰਡਰਗ੍ਰੈਜੂਏਟ ਪ੍ਰੋਗਰਾਮਾਂ ਵਿਚ ਦਾਖਲੇ ਦਿੱਤੇ ਜਾਣਗੇ। ਉਪ-ਕੁਲਪਤੀ ਡਾ. ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਸੈਸ਼ਨ 2025-26 ਲਈ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦਾਖਲੇ ਲਈ ਵੱਡੀ ਗਿਣਤੀ ਵਿਚ ਦਿਲਚਸਪੀ ਦਿਖਾਈ ਹੈ। ਇਸ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਵੱਖ-ਵੱਖ ਕੋਰਸਾਂ ਵਿਚ ਹੁਣ ਤੱਕ ਕਈ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾ ਚੁੱਕਾ ਹੈ। ਅਗਲੇ ਪੜਾਅ ਵਿਚ ਟੈਸਟ ਦੇ ਅਧਾਰ ’ਤੇ ਤਿਆਰ ਕੀਤੀ ਗਈ ਮੈਰਿਟ ਸੂਚੀ ਦੇ ਮੁਤਾਬਕ 3 ਜੁਲਾਈ 2025 ਤੋਂ ਦਾਖਲਾ ਪ੍ਰਕਿਰਿਆ ਸ਼ੁਰੂ ਹੈ। ਇਸ ਪ੍ਰਕਿਰਿਆ ਦੇ ਕੋਆਰਡੀਨੇਟਰ ਡਾ. ਤੇਜਵੰਤ ਸਿੰਘ ਕੰਗ ਹਨ। ਇਸ ਤੋਂ ਪਹਿਲਾਂ ਚੱਲ ਰਹੀ ਕਾਊਂਸਲਿੰਗ ਪ੍ਰਕਿਰਿਆ ਦੀ ਜ਼ਿੰਮੇਵਾਰੀ ਡਾ. ਬਲਵਿੰਦਰ ਸਿੰਘ ਸੰਭਾਲ ਰਹੇ ਹਨ। ਡਾ. ਕੰਗ ਨੇ ਦੱਸਿਆ ਕਿ ਕਾਊਂਸਲਿੰਗ ਸੈਸ਼ਨ ਮਹਾਰਾਜਾ ਰਣਜੀਤ ਸਿੰਘ ਭਵਨ ਦੇ ਗਰਾਊਂਡ ਫਲੋਰ ਸਥਿਤ ਕਾਨਫਰੰਸ ਹਾਲ ਵਿਚ ਹੋਣਗੇ। ਸ਼ਡਿਊਲ ਮੈਰਿਟ ਰੈਂਕ ਦੇ ਅਧਾਰ ’ਤੇ ਬਣਾਇਆ ਗਿਆ ਹੈ ਅਤੇ ਇਸ ਨੂੰ ਜਨਰਲ ਤੇ ਰਿਜ਼ਰਵ ਕੈਟੇਗਰੀਆਂ ਵਿਚ ਵੰਡਿਆ ਗਿਆ ਹੈ। ਮਿਤੀ 3 ਅਤੇ 4 ਜੁਲਾਈ ਨੂੰ ਜਨਰਲ ਕੈਟਾਗਰੀ ਦੇ ਉਮੀਦਵਾਰ (ਰੈਂਕ 1 ਤੋਂ 917) ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਣ ਵਾਲੇ ਵੱਖ-ਵੱਖ ਸਮੇਂ ਦੇ ਸਲਾਟ ਵਿਚ ਬੁਲਾਇਆ ਗਿਆ ਹੈ। ਮਿਤੀ 5 ਜੁਲਾਈ ਨੂੰ ਵੀ ਰੈਂਕ 917 ਤੱਕ ਦੀ ਕਾਊਂਸਲਿੰਗ ਜਾਰੀ ਰਹੇਗੀ। ਮਿਤੀ 6 ਜੁਲਾਈ ਨੂੰ ਸ਼ਡਿਊਲਡ ਕਾਸਟ (ਐਸ.ਸੀ.) ਕੈਟਾਗਰੀ ਦੇ ਉਮੀਦਵਾਰਾਂ (ਰੈਂਕ 11 ਤੋਂ 2283) ਦੀ ਕਾਊਂਸਲਿੰਗ ਦਿਨ ਭਰ ਚਾਰ ਸੈਸ਼ਨਾਂ ਵਿਚ ਹੋਵੇਗੀ। ਮਿਤੀ 7 ਜੁਲਾਈ ਨੂੰ ਬੈਕਵਰਡ ਕਲਾਸ (ਬੀਸੀ) ਕੈਟਾਗਰੀ ਦੇ ਉਮੀਦਵਾਰਾਂ (ਰੈਂਕ 4 ਤੋਂ 2182) ਦੀ ਕਾਊਂਸਲਿੰਗ ਹੋਵੇਗੀ। ਇਸੇ ਦਿਨ ਸ਼ਾਮ 4:30 ਵਜੇ ਸਾਰੀਆਂ ਹੋਰ ਰਿਜ਼ਰਵਡ ਕੈਟਾਗਰੀਆਂ ਦੀ ਕਾਊਂਸਲਿੰਗ ਵੀ ਕੀਤੀ ਜਾਵੇਗੀ। ਜਨਰਲ ਕੈਟਾਗਰੀ ਦੀ ਵੇਟਿੰਗ ਲਿਸਟ ਅਤੇ ਰੈਂਕ 956 ਤੋਂ ਅੱਗੇ ਵਾਲੇ ਉਮੀਦਵਾਰਾਂ ਦੀ ਕਾਊਂਸਲਿੰਗ, ਸੀਟਾਂ ਦੀ ਉਪਲਬਧਤਾ ’ਤੇ ਨਜ਼ਰ ਮਾਰਦੇ ਹੋਏ 5 ਜੁਲਾਈ ਨੂੰ ਸ਼ਾਮ 7 ਵਜੇ ਐਲਾਨੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਨਿਰਧਾਰਤ ਸਮੇਂ ’ਤੇ ਪਹੁੰਚਣ ਅਤੇ ਵੈਰੀਫਿਕੇਸ਼ਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲਿਆਉਣ।



