CM Mann ਨੇ ਕੇਜਰੀਵਾਲ ਲਈ ਖੜ੍ਹਾ ਕੀਤਾ ਵੱਡਾ ਸੰਕਟ, ਕਿਹਾ- ਕੇਜਰੀਵਾਲ ਨੇ ਹੋਰ ਕਿਤਾਬ ਨਾ ਲਿਖਣ ਦੀ ਦਿੱਤੀ ਹੈ ਗਾਰੰਟੀ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 9 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ। ਮਾਨ ਨੇ ਕੇਜਰੀਵਾਲ ਮਾਡਲ ਕਿਤਾਬ ਦੀ ਘੁੰਡ ਚੁਕਾਈ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਤਾਬ ਲਿਖਣਾ ਚਾਹੁੰਦੇ ਹਨ, ਪਰ ਸ਼ੁਰੂਆਤ ਨਹੀਂ ਹੋ ਰਹੀ ਪਰ ਜੇਕਰ ਸ਼ੁਰੂਆਤ ਹੋ ਗਈ ਤਾਂ ਇਹ ਕੰਮ ਨੇਪਰੇ ਵੀ ਚਾੜ੍ਹ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਨਾਂ ਲੈਂਦਿਆਂ ਕਿਹਾ ਕਿ ਇਹਨਾਂ ਨੇ ਇਕ ਕਿਤਾਬ ‘ਸਵਰਾਜ’ ਲਿਖੀ ਸੀ। ਉਨ੍ਹਾਂ ਕਿਹਾ ਕਿ ਅਕਸਰ ਲੋਕ ਕਿਤਾਬ ਦਾ ਇਕ ਵਿਸ਼ੇਸ਼ ਪੰਨਾ ਪੜ੍ਹਨ ਲਈ ਅੱਗੇ ਕਰ ਦਿੰਦੇ ਹਨ ਤੇ ਅਮਲ ਕਰਨ ਦੀ ਗੱਲ ਕਹਿੰਦੇ ਹਨ। ਮੁੱਖ ਮੰਤਰੀ ਨੇ ਹਾਸੇ-ਹਾਸੇ ਵਿਚ ਕਿਹਾ ਕਿ ਕੇਜਰੀਵਾਲ ਨੇ ਭਵਿੱਖ ਵਿਚ ਹੋਰ ਕਿਤਾਬ ਨਾ ਲਿਖਣ ਦੀ ਗਾਰੰਟੀ ਦਿੱਤੀ ਹੈ। ਮੁੱਖ ਮੰਤਰੀ ਦੇ ਇਹ ਕਹਿਣ ਤੋਂ ਬਾਅਦ ਸਟੇਜ ਉਤੇ ਬੈਠੇ ਕੇਜਰੀਵਾਲ ਪਾਣੀ ਪੀਣ ਲੱਗ ਪਏ। ਉਨ੍ਹਾਂ ਕੇਜਰੀਵਾਲ ਦੀ ਕਿਤਾਬ ‘ਸਵਰਾਜ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ (ਕੇਜਰੀਵਾਲ) ਨੇ ਇਕ ਕਿਤਾਬ ‘ਸਵਰਾਜ’ ਵੀ ਲਿਖੀ ਹੈ, ਜੋ ਵੀ ਮੇਰੇ ਸਾਹਮਣੇ ਆਉਂਦਾ ਹੈ, ਉਹ ਮੈਨੂੰ ਪੰਨਾ ਨੰਬਰ 111 ਪੜ੍ਹਨ ਲਈ ਕਹਿੰਦਾ ਹੈ। ਜਦੋਂ ਮੈਂ ਉਸ ਨੂੰ ਕਹਿੰਦਾ ਹਾਂ ਕਿ ਹਾਂ, ਉਸ ਨੇ ਇੱਕ ਬਹੁਤ ਵਧੀਆ ਕਿਤਾਬ ਲਿਖੀ ਹੈ, ਤਾਂ ਉਹ ਕਹਿੰਦਾ ਹੈ, ਹਾਂ ਕਿਤਾਬ ਚੰਗੀ ਹੈ, ਪਰ ਇਸ ਨੂੰ ਲਾਗੂ ਕਰੋ। ਇਸ ਲਈ ਕੇਜਰੀਵਾਲ ਨੇ ਮੈਨੂੰ ਗਾਰੰਟੀ ਦਿੱਤੀ ਹੈ ਕਿ ਉਹ ਭਵਿੱਖ ਵਿਚ ਕੋਈ ਕਿਤਾਬ ਨਹੀਂ ਲਿਖਣਗੇ। ਇਹ ਵੀ ਉਸ ਦੀ ਗਾਰੰਟੀ ਹੈ ਅਤੇ ਉਹ ਆਪਣੀ ਗਾਰੰਟੀ ’ਤੇ ਖਰਾ ਉਤਰਦੇ ਹਨ। ਸਿਆਸੀ ਮਾਹਰ ਮੁੱਖ ਮੰਤਰੀ ਦੀ ਇਸ ਟਿੱਪਣੀ ਦੇ ਕਈ ਅਰਥ ਕੱਢ ਰਹੇ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਕੇਜਰੀਵਾਲ ਦੀ ਕਿਤਾਬ ‘ਸਵਰਾਜ’ ਵਿਚ ਚੰਗਾ ਪ੍ਰਸ਼ਾਸਨ ਦੇਣ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਸਨ, ਜਿਸ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮਜ਼ਬੂਤ ਲੋਕਪਾਲ, ਸਰਕਾਰੀ ਸੁਰੱਖਿਆ ਨਾ ਲੈਣਾ, ਵੀਆਈਪੀ ਸੱਭਿਆਚਾਰ ਨੂੰ ਖਤਮ ਕਰਨਾ, ਬਦਲੇ ਦੀ ਰਾਜਨੀਤੀ ਨਾ ਕਰਨਾ, ਕਾਨੂੰਨ ਦਾ ਰਾਜ ਦੇਣਾ ਆਦਿ ਸ਼ਾਮਲ ਹੈ। ਇਸ ਮੌਕੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖੇ ਹਮਲੇ ਕੀਤੇ ਅਤੇ ਕੇਜਰੀਵਾਲ ਦੀਆਂ ਸਿਫ਼ਤਾਂ ਦੇ ਪੁਲ ਵੀ ਬੰਨ੍ਹੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਤਜਰਬੇ ਕਰਦੇ ਰਹੇ ਅਤੇ ਅਸੀਂ (ਆਪ ਸਰਕਾਰ) ਇੱਥੇ ਅਮਲ ਕਰਦੇ ਰਹੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪਹਿਲੇ ਦਸ ਮੁਹੱਲਾ ਕਲੀਨਿਕ ਬਣਾਉਣ ਵਿਚ ਇੱਕ ਸਾਲ ਲੱਗਿਆ, ਜਦੋਂ ਕਿ ਪੰਜਾਬ ਵਿਚ ਅਸੀਂ ਪਹਿਲੇ ਸਾਲ ਵਿਚ ਹੀ 500 ਮੁਹੱਲਾ ਕਲੀਨਿਕ ਬਣਾਏ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਦਿੱਲੀ ਦੀ ਸੰਸਦ ਵਿਚ ਵੀ ਚਰਚਾ ਹੋਈ ਹੈ।ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਬਦਮਾਸ਼ ਰਾਜਸੀ ਲੋਕ ਦੇਸ਼ ਲਈ ਸਮੱਸਿਆ ਹਨ। ਇਮਾਨਦਾਰੀ ਮਾਡਲ ਬੇਈਮਾਨੀ ਨਾਲ ਨਹੀਂ ਚੱਲ ਸਕਦਾ। ਕੇਜਰੀਵਾਲ ਨੇ ਕਿਹਾ ਕਿ ਅੱਜ ਹਰੇਕ ਪਾਰਟੀ ਸਿੱਖਿਆ, ਸਿਹਤ ਮੁਫ਼ਤ ਬਿਜਲੀ ਦੀ ਗੱਲ ਕਰਨ ਲੱਗੀ ਹੈ ਤੇ ਉਹ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਕਸਰ ਕਹਿੰਦੇ ਹਨ ਕਿ ਦੁਨੀਆ ਚੰਦਰਮਾ ’ਤੇ ਪਲਾਟ ਵੰਡ ਰਹੀ ਹੈ ਅਤੇ ਅਸੀਂ ਅਜੇ ਵੀ ਇੱਥੇ ਸੀਵਰੇਜ ਦੇ ਢੱਕਣ ਬਦਲ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜ ਸਾਲ ਪੂਰੇ ਹੋਣ ਤੋਂ ਬਾਅਦ ਪੰਜਾਬ ਮਾਡਲ ’ਤੇ ਵੀ ਇੱਕ ਕਿਤਾਬ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਦਸ ਸਾਲ ਤੱਕ ਦਿੱਲੀ ਦੇ ਲੈਫਟੀਨੈਟ ਜਨਰਲ ਨੇ ਸਰਕਾਰ ਨੂੰ ਦਿੱਲੀ ਵਿੱਚ ਕੰਮ ਨਹੀਂ ਕਰਨ ਦਿੱਤਾ, ਫਿਰ ਵੀ ਅਸੀਂ ਬਹੁਤ ਕੁਝ ਕੀਤਾ, ਮੈਨੂੰ ਇਸ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ।



