‘CIA ਤੋਂ ਬੋਲਦੇ ਹਾਂ, ਥੋਡਾ ਮੁੰਡਾ ਨਸ਼ੇ ਨਾਲ ਫੜਿਆ ਗਿਆ, ਬਚਾਉਣੈ ਤਾਂ ਦਿਓ ਪੈਸੇ’, ਨੌਜਵਾਨ ਨੂੰ ਕੀਤਾ ਅਗਵਾ ਤੇ ਨਕਲੀ ਮੁਲਾਜ਼ਮ ਬਣ ਕੇ ਲਈ ਫਿਰੌਤੀ

ਪਟਿਆਲਾ, 28 ਮਈ- ‘ਸੀਆਈਏ ਤੋਂ ਬੋਲਦੇ ਹਾਂ, ਥੋਡਾ ਮੁੰਡਾ ਨਸ਼ੇ ਨਾਲ ਫੜਿਆ ਗਿਆ, ਬਚਾਊਣੈ ਤਾਂ ਪੈਸੇ ਲੈ ਕੇ ਆਓ।’ ਇਹ ਗੱਲ ਅਗਵਾਹਕਾਰਾਂ ਨੇ ਨੌਜਵਾਨ ਨੂੰ ਅਗਵਾਹ ਕਰਨ ਤੋਂ ਬਾਅਦ ਉਸ ਦੀ ਗ਼ਰੀਬ ਮਾਂ ਨੂੰ ਕਹੀ। ਘਰਾਂ ਵਿਚ ਸਾਫ਼-ਸਫ਼ਾਈ ਦਾ ਕੰਮ ਕਰਨ ਵਾਲੀ ਮਾਂ ਇਹ ਗੱਲ ਸੁਣ ਕੇ ਘਬਰਾ ਗਈ ਤੇ ਆਪਣੇ ਪੁੱਤ ਬਚਾਉਣ ਲਈ ਕਈ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਅਗਵਾਕਾਰਾਂ ਨੂੰ ਦੇ ਵੀ ਦਿੱਤੇ ਪਰ ਬਾਅਦ ’ਚ ਪਤਾ ਲੱਗਿਆ ਕਿ ਮੁੰਡੇ ਨੂੰ ਸੀਆਈਏ ਨੇ ਨਹੀਂ ਸਗੋਂ ਸ਼ਰਾਰਤੀ ਲੋਕਾਂ ਵਲੋਂ ਅਗਵਾ ਕੀਤਾ ਗਿਆ ਸੀ। ਇਸ ਦਾ ਪਤਾ ਲੱਗਦਿਆਂ ਹੀ ਮਾਂ ਪੁੱਤ ਨੇ ਪੁਲਿਸ ਤੱਕ ਪਹੁੰਚ ਕੀਤੀ ਤੇ ਫਿਰੌਤੀ ਲੈਣ ਵਾਲੇ ਅਗਵਾਕਾਰ ਪੁਲਿਸ ਦੇ ਹੱਥੇ ਚੜ੍ਹ ਗਏ। ਸੀਆਈਏ ਸਟਾਫ ਦੇ ਮੁਲਾਜ਼ਮ ਬਣ ਕੇ ਫਿਰੌਤੀ ਲੈਣ ਵਾਲੇ ਤਿੰਨ ਵਿਅਕਤੀਆਂ ਨੂੰ ਥਾਣਾ ਲਾਹੌਰੀ ਗੇਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ, ਸ਼ੁਭਮ ਤੇ ਲਕਸ਼ੈ ਵਜੋਂ ਹੋਈ ਹੈ ਜਦੋਂਕਿ ਬਿੱਟੂ ਇਸ ਸਮੇਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਮੁਲਜ਼ਮਾਂ ਨੇ ਝੂਠ ਬੋਲ ਕੇ ਨੌਜਵਾਨ ਨੂੰ ਅਗਵਾ ਕੀਤਾ ਫਿਰ ਉਸ ਦਾ ਮੋਬਾਈਲ ਤੇ ਪੈਸੇ ਖੋਹ ਲਏ ਤੇ ਇਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਫ਼ੋਨ ਕਰਕੇ ਨੌਜਵਾਨ ਤੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਗੱਲ ਕਹਿ ਕੇ ਵੀਹ ਹਜ਼ਾਰ ਰੁਪਏ ਦੀ ਫਿਰੌਤੀ ਮੰਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਨਿਊ ਬਿਸ਼ਨ ਨਗਰ ਨਿਵਾਸੀ ਬਲਜੀਤ ਕੌਰ ਨੇ ਦੱਸਿਆ ਕਿ 25 ਮਈ ਨੂੰ ਦੁਪਹਿਰ 12 ਵਜੇ ਦੇ ਕਰੀਬ ਉਸ ਦਾ ਲੜਕਾ ਗੁਰਪ੍ਰੀਤ ਸਿੰਘ (26 ਸਾਲਾ) ਇਹ ਕਹਿ ਕੇ ਚਲਾ ਗਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਹੈ। ਇਸ ਤੋਂ ਬਾਅਦ ਦੁਪਹਿਰ ਕਰੀਬ 12:30 ਵਜੇ ਗੁਰਪ੍ਰੀਤ ਸਿੰਘ ਦੇ ਫ਼ੋਨ ਤੋਂ ਇਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ ਕਿ ਉਹ ਸੀਆਈਏ ਪਟਿਆਲਾ ਤੋਂ ਬੋਲ ਰਿਹਾ ਹੈ ਤੇ ਗੁਰਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥ ਵੇਚਣ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਕਰ ਉਹ ਆਪਣੇ ਪੁੱਤਰ ਨੂੰ ਛੁਡਵਾਉਣਾ ਚਾਹੁੰਦੀ ਹੈ ਤਾਂ ਉਸਨੂੰ 20 ਹਜ਼ਾਰ ਰੁਪਏ ਲੈ ਕੇ ਆ ਜਾਣ। ਬਲਜੀਤ ਕੌਰ ਨੇ ਦੱਸਿਆ ਕਿ ਨਸ਼ੇ ਦੀ ਗੱਲ ਸੁਣ ਕੇ ਉਹ ਡਰ ਗਈ ਅਤੇ ਲੜਕੇ ਨੂੰ ਬਚਾਉਣ ਲਈ ਪੈਸੇ ਦੇਣ ਲਈ ਵੀ ਰਾਜ਼ੀ ਹੋ ਗਈ। ਮੁਲਜ਼ਮ ਨੇ ਉਸ ਨੂੰ ਪੈਸੇ ਲੈ ਕੇ ਇਕਬਾਲ ਇਨ ਹੋਟਲ ਦੇ ਨੇੜੇ ਬੁਲਾਇਆ ਜਿੱਥੇ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਮੁਲਾਜਮ ਸੰਦੀਪ ਬਾਊਂਸਰ ਨੇ ਪੈਸੇ ਲੈਣ ਲਈ ਭੇਜਿਆ ਹੈ। ਬਲਜੀਤ ਕੌਰ ਨੇ 20 ਹਜ਼ਾਰ ਦਿੱਤੇ ਤੇ ਮੋਟਰਸਾਈਕਲ ਸਵਾਰ ਗੁਰਪ੍ਰੀਤ ਦਾ ਫੋਨ ਦੇ ਗਏ। ਕੁਝ ਦੇਰ ਬਾਅਦ ਗੁਰਪ੍ਰੀਤ ਸਿੰਘ ਪੈਦਲ ਉਸ ਕੋਲ ਆਇਆ। ਗੁਰਪ੍ਰੀਤ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਜਦੋਂ ਉਹ ਐੱਸਐੱਸਟੀ ਨਗਰ ਦੇ ਬਾਜ਼ਾਰ ’ਚ ਖੜ੍ਹਾ ਸੀ ਤਾਂ ਸੰਦੀਪ ਅਤੇ ਬਿੱਟੂ ਨਾਮ ਦੇ ਮੁੰਡਿਆਂ ਨੇ ਆਪਣੇ ਆਪ ਨੂੰ ਸੀਆਈਏ ਕਰਮਚਾਰੀ ਦੱਸਿਆ ਤੇ ਉਸ ਨੂੰ ਜ਼ਬਰਦਸਤੀ ਸਕੂਟੀ ’ਤੇ ਬਿਠਾ ਕੇ ਛੋਟੀ ਨਦੀ ਦੇ ਨੇੜੇ ਲੈ ਗਏ। ਜਿਥੇ ਉਸ ਦੀ ਕੁੱਟਮਾਰ ਕਰਕੇ ਮੋਬਾਈਲ ਫ਼ੋਨ ਅਤੇ ਕਰੀਬ 2600 ਰੁਪਏ ਦੀ ਨਕਦੀ ਖੋਹ ਲਈ। ਗੁਰਪ੍ਰੀਤ ਦੇ ਪਰਿਵਾਰ ਵਲੋਂ ਬਾਅਦ ਵਿਚ ਪਛਾਣ ਕੀਤੀ ਗਈ ਤਾਂ ਪਤਾ ਲੱਗਿਆ ਕਿ ਸੀਆਈਏ ਵਿਚ ਸੰਦੀਪ ਨਾਮ ਦਾ ਕੋਈ ਕਰਮਚਾਰੀ ਹੀ ਨਹੀਂ ਹੈ।



