
ਲੁਧਿਆਣਾ, 20 ਅਗਸਤ : ਵੈਪਨ ਦਾ ਲਾਈਸੈਂਸ ਬਣਵਾਉਣ ਲਈ ਫਰਜ਼ੀ ਡੋਪ ਟੈਸਟ ਦਾ ਸਹਾਰਾ ਲੈਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਗਈ ਹੈ। ਇਸੇ ਦੇ ਚਲਦਿਆਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਮੁਕਦਮੇ ਦਰਜ ਕੀਤੇ ਹਨ। ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਸੀਪੀ ਲਾਈਸੈਂਸਿੰਗ ਨੇ ਜਦ ਅਸਲਾ ਬਣਵਾਉਣ ਸਬੰਧੀ ਆਈਆਂ ਅਰਜ਼ੀਆਂ ਦੀ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਵਿੱਚੋਂ ਤਿੰਨ ਅਰਜ਼ੀਆਂ ਵਿੱਚ ਡੋਪ ਟੈਸਟ ਦੀ ਮੈਡੀਕਲ ਰਿਪੋਰਟ ਜਾਅਲੀ ਸੀ। ਇਸ ਮਾਮਲੇ ਸਬੰਧੀ ਏਸੀਪੀ ਲਾਈਸੈਂਸਿੰਗ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਮੁਕਦਮੇ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਇਨ੍ਹਾਂ ਮਾਮਲਿਆਂ ਵਿੱਚ ਪੁਲਿਸ ਨੇ ਲਾਜਪਤ ਨਗਰ ਨੂਰ ਵਾਲਾ ਰੋਡ ਬਸਤੀ ਜੋਧੇਵਾਲ ਦੇ ਵਾਸੀ ਹਾਰਦਿਕ ਖੰਨਾ, ਗੁਰੂ ਗੋਬਿੰਦ ਸਿੰਘ ਨਗਰ ਟਿੱਬਾ ਰੋਡ ਦੇ ਰਹਿਣ ਵਾਲੇ ਉਦੇ ਪ੍ਰਤਾਪ ਸਿੰਘ ਗਰੇਵਾਲ ਅਤੇ ਦਸ਼ਮੇਸ਼ ਨਗਰ ਮਿਲਰ ਗਾਈਜ ਦੇ ਵਾਸੀ ਨਿਸ਼ਾਨ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕਦਮੇ ਦਰਜ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



