
ਬਠਿੰਡਾ, 14 ਸਤੰਬਰ : ਜ਼ਿਲ੍ਹੇ ਦੇ ਪਿੰਡ ਹਰਿਰਾਏਪੁਰ ਦੀ ਬਹੁਮਤ ਵੀ ਖੇਤੀਬਾੜੀ ਸਹਿਕਾਰੀ ਸਭਾ ’ਚ ਲੱਖਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਸਹਿਕਾਰੀ ਸਭਾ ਦੇ ਸੇਵਾਮੁਕਤ ਸਕੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਘਪਲਾ ਸਾਲ 2021-22 ਦਰਮਿਆਨ ਹੋਇਆ ਦੱਸਿਆ ਜਾ ਰਿਹਾ ਹੈ। ਸਹਿਕਾਰੀ ਸਭਾਵਾਂ ਵਿਭਾਗ ਵੱਲੋਂ ਸ਼ਿਕਾਇਤ ਮਿਲਣ ’ਤੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸਾਲ 2021-2022 ਦੌਰਾਨ ਸਹਿਕਾਰੀ ਸਭਾ ਦੇ ਸਕੱਤਰ ਸ਼ਮਸ਼ੇਰ ਸਿੰਘ ਨੇ 19,41,437 ਰੁਪਏ ਦਾ ਗਬਨ ਕੀਤਾ ਹੈ। ਉਸ ਨੇ ਇਸ ਦੌਰਾਨ ਇਨ੍ਹਾਂ ਪੈਸਿਆਂ ’ਚੋਂ ਸਿਰਫ 9000 ਭਰੇ ਹਨ ਅਤੇ ਕੈਟਲ ਫੀਡ ਦੀ ਫਰਜ਼ੀ ਵਿਕਰੀ ਪਾ ਕੇ ਸਟਾਕ ਘਟਾ ਦਿੱਤਾ ਅਤੇ ਬਾਕੀ ਨਕਦੀ ਨੂੰ ਖੁਰਦ-ਬੁਰਦ ਕਰ ਦਿੱਤਾ। ਇਸ ਮਾਮਲੇ ਦੀ ਪੜਤਾਲ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਮੰਡਲ ਫਿਰੋਜ਼ਪੁਰ ਵੱਲੋਂ ਕੀਤੀ ਗਈ ਹੈ। ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਸੰਯੁਕਤ ਰਜਿਸਟਰਾਰ ਸਹਕਾਰੀ ਸਭਾਵਾਂ ਫਿਰੋਜ਼ਪੁਰ ਦੀ ਸ਼ਿਕਾਇਤ ਮਿਲਣ ਮਗਰੋਂ ਸਹਿਕਾਰੀ ਸਭਾ ਪਿੰਡ ਹਰਿਰਾਏਪੁਰ ਦੇ ਸੇਵਾਮੁਕਤ ਸਕੱਤਰ ਸ਼ਮਸ਼ੇਰ ਸਿੰਘ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।



