ਲੈਂਡ ਪੂਲਿੰਗ ਪਾਲਸੀ ਨੂੰ ਲਾਗੂ ਕਰਨਾ ਪੰਜਾਬ ਸਰਕਾਰ ਲਈ ਬਣਿਆ ਵਕਾਰ ਦਾ ਸਵਾਲ
ਕਿਸਾਨਾਂ ਨੂੰ ਲੈਂਡ ਪਾਲਸੀ ਦੇ ਗੁਣ ਦੱਸਣ ਲਈ ਜੈਨ ਨੇ ਵਲੰਟਰੀਅਰਜ਼ ਨੂੰ ਦੱਸੇ ਗੁਰ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 23 ਜੁਲਾਈ : ਲੈਂਡ ਪੂਲਿੰਗ ਪਾਲਸੀ ਨੂੰ ਲਾਗੂ ਕਰਨਾ ਪੰਜਾਬ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਬਣ ਗਿਆ ਹੈ। ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਲੈਂਡ ਪੂਲਿੰਗ ਪਾਲਿਸੀ ਵਿਚ ਸੋਧ ਕਰ ਦਿੱਤੀ, ਉਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਲੈਂਡ ਪੂਲਿੰਗ ਪਾਲਸੀ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਗੁਰ ਦੱਸੇ। ਜਾਣਕਾਰੀ ਅਨੁਸਾਰ ਸੈਕਟਰ 35 ਚੰਡੀਗੜ੍ਹ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਆਡੀਟੋਰੀਅਮ ਵਿਚ ਸਤਿੰਦਰ ਜੈਨ ਪਾਰਟੀ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਵੱਖ ਵੱਖ ਵਿੰਗਾਂ ਦੇ ਆਗੂਆਂ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਦੱਸਿਆ ਕਿ ਇਹ ਕਿਸਾਨਾਂ ਲਈ ਲਾਹੇਵੰਦ ਹੈ। ਉਹਨਾਂ ਵਲੰਟੀਅਰਜ਼, ਅਹੁਦੇਦਾਰਾਂ ਨੂੰ ਕਿਹਾ ਕਿ ਉਹ ਆਮ ਕਿਸਾਨਾਂ ਨੂੰ ਪਾਲਸੀ ਦੀਆਂ ਬਾਰੀਕੀਆਂ ਬਾਰੇ ਦੱਸਣ ਕਿਉਂਕਿ ਇਹ ਕਿਸਾਨਾਂ ਨੂੰ ਸਰਕਾਰ ਦੀ ਇਸ ਸਕੀਮ ਵਿਚ ਭਾਈਵਾਲ ਬਣਾਉਂਦੀ ਹੈ। ਜੈਨ ਨੇ ਇਹ ਵੀ ਦੱਸਿਆ ਕਿ ਕਿਸਾਨ ਨੇਤਾ ਅਤੇ ਸਿਆਸੀ ਪਾਰਟੀਆਂ ਦੇ ਆਗੂ ਕਿਸਾਨਾਂ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਇਸ ਲਈ ਪਾਰਟੀ ਵਰਕਰਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਨਾਲ ਰਾਬਤਾ ਬਣਾਉਣ, ਲੋਕਾਂ ਨੂੰ ਸਮਝਾਉਣ ਕਿ ਸਰਕਾਰ ਜਬਰਦਸਤੀ ਜ਼ਮੀਨ ਐਕਵਾਇਰ ਨਹੀਂ ਕਰੇਗੀ ਪਰ ਇਹ ਕਿਸਾਨਾਂ ਲਈ ਹਿੱਸੇਦਾਰੀ ਵਾਲੀ ਸਕੀਮ ਹੈ। ਇਸ ਮੌਕੇ ਮੀਡੀਆ ਇੰਚਾਰਜ ਅਨੁਰਾਗ ਢਾਂਡਾ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਹੋਰ ਹਾਜ਼ਰ ਸਨ।ਇੱਥੇ ਦੱਸਿਆ ਜਾਂਦਾ ਹੈ ਕਿ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮੁਨੀਸ਼ ਸਿਸੋਦੀਆਂ ਨੇ ਵੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਲੈਂਡ ਪੂਲਿੰਗ ਪਾਲਸੀ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਦੱਸਿਆ ਜਾਂਦਾ ਹੈ ਕਿ ਆਗਾਮੀ ਦਿਨਾਂ ਵਿਚ ਪਾਰਟੀ ਵਲੋਂ ਲੈਂਡ ਪੂਲਿੰਗ ਪਾਲਸੀ ਬਾਰੇ ਹੋਰ ਆਗੂਆਂ ਨਾਲ ਵੀ ਮੀਟਿੰਗਾਂ ਕੀਤੇ ਜਾਣ ਦਾ ਵਿਚਾਰ ਹੈ।



