
ਅਹਿਮਦਾਬਾਦ, 2 ਜੁਲਾਈ : : ਗੁਜਰਾਤ ਹਾਈ ਕੋਰਟ ਤੋਂ ਇਕ ਅਜੀਬ ਖ਼ਬਰ ਸਾਹਮਣੇ ਆ ਰਹੀ ਹੈ। ਇਕ ਕੇਸ ਦੀ ਵਰਚੁਅਲ ਸੁਣਵਾਈ ਦੌਰਾਨ ਇਕ ਸੀਨੀਅਰ ਵਕੀਲ ਨੂੰ ਜੱਜ ਸਾਹਮਣੇ ਬੀਅਰ ਪੀਂਦੇ ਦੇਖਿਆ ਗਿਆ, ਜਿਸ ਤੋਂ ਜੱਜ ਨਾਰਾਜ਼ ਹੋ ਗਏ ਤੇ ਉਨ੍ਹਾਂ ਵਕੀਲ ਖ਼ਿਲਾਫ਼ ਖੁਦ ਨੋਟਿਸ ਲੈਣ ਦਾ ਫੈਸਲਾ ਕੀਤਾ। ਇਹ ਮਾਮਲਾ 26 ਜੂਨ ਦਾ ਹੈ, ਜਦੋਂ ਜਸਟਿਸ ਸੰਦੀਪ ਭੱਟ ਗੁਜਰਾਤ ਹਾਈ ਕੋਰਟ ‘ਚ ਇਕ ਕੇਸ ਦੀ ਵਰਚੁਅਲ ਸੁਣਵਾਈ ਕਰ ਰਹੇ ਸਨ। ਉਦੋਂ ਹਾਈ ਕੋਰਟ ਦੇ ਇਕ ਸੀਨੀਅਰ ਵਕੀਲ ਜੱਜ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਹੱਥ ਵਿਚ ਇਕ ਕੱਪ ਸੀ ਜਿਸ ਵਿੱਚੋਂ ਉਹ ਬੀਅਰ ਪੀ ਰਹੇ ਸਨ।
ਗੁਜਰਾਤ ਹਾਈ ਕੋਰਟ ਨੇ ਕੀ ਕਿਹਾ?
ਗੁਜਰਾਤ ਹਾਈ ਕੋਰਟ ‘ਚ ਜਸਟਿਸ ਏਐਸ ਸੂਪਾਹੀਆ ਤੇ ਜਸਟਿਸ ਆਰਟੀ ਵਚਛਾਨੀ ਨੇ ਵਕੀਲ ਦੇ ਇਸ ਕੰਮ ਨੂੰ ਅਦਾਲਤ ਦੀ ਉਲੰਘਣਾ ਕਰਾਰ ਦਿੱਤਾ। ਇਸ ਮਾਮਲੇ ‘ਤੇ ਖੁਦ ਨੋਟਿਸ ਲੈਂਦਿਆਂ ਉਨ੍ਹਾਂ ਅਗਲੇ ਹੁਕਮਾਂ ਤਕ ਵਕੀਲ ਦੀ ਪੇਸ਼ੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ- ਜਦੋਂ ਤਕ ਅਗਲਾ ਆਦੇਸ਼ ਪਾਸ ਨਹੀਂ ਹੋ ਜਾਂਦਾ, ਸਬੰਧਤ ਵਕੀਲ ਵਰਚੁਅਲ ਮੋਡ ‘ਚ ਬੈਂਚ ਸਾਹਮਣੇ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਦੇ ਇਸ ਕੰਮ ਨੇ ਅਦਾਲਤ ਦੀ ਸ਼ਾਨ ਨੂੰ ਠੇਸ ਪਹੁੰਚਾਈ ਹੈ। ਅਜਿਹੀ ਸਥਿਤੀ ‘ਚ ਜੇਕਰ ਇਸਨੂੰ ਅਣਗੌਲਿਆ ਕੀਤਾ ਜਾਂਦਾ ਹੈ ਤਾਂ ਇਹ ਵਿਨਾਸ਼ਕਾਰੀ ਸਾਬਤ ਹੋਵੇਗਾ।
ਵਕੀਲ ਵਿਰੁੱਧ ਕਾਰਵਾਈ ਕਿਉਂ ਜ਼ਰੂਰੀ ਹੈ?
ਹਾਈ ਕੋਰਟ ਦੇ ਜੱਜਾਂ ਦਾ ਕਹਿਣਾ ਹੈ ਕਿ ਬਾਰ ਦੇ ਹੋਰ ਵਕੀਲ ਵੀ ਸੀਨੀਅਰ ਵਕੀਲਾਂ ਨੂੰ ਫਾਲੋ ਕਰਦੇ ਹਨ। ਉਹ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਅਜਿਹੀ ਸਥਿਤੀ ‘ਚ ਜੇਕਰ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਗਲਤ ਮਿਸਾਲ ਹੋਵੇਗੀ। ਭਵਿੱਖ ਵਿੱਚ, ਹੋਰ ਬਹੁਤ ਸਾਰੇ ਵਕੀਲ ਵੀ ਅਜਿਹਾ ਕਦਮ ਚੁੱਕ ਸਕਦੇ ਹਨ।
ਆਦੇਸ਼ ‘ਤੇ ਵੀ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ : ਹਾਈ ਕੋਰਟ
ਹਾਈ ਕੋਰਟ ਨੇ ਰਜਿਸਟਰਾਰ ਨੂੰ ਵਕੀਲ ਵਿਰੁੱਧ ਮਾਣਹਾਨੀ ਪਟੀਸ਼ਨ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਅਗਲਾ ਹੁਕਮ ਆਉਣ ਤਕ, ਸਬੰਧਤ ਵਕੀਲ ਵਰਚੁਅਲ ਸੁਣਵਾਈ ‘ਚ ਬੈਂਚ ਦੇ ਸਾਹਮਣੇ ਪੇਸ਼ ਨਹੀਂ ਹੋਵੇਗਾ। ਇਸ ਦੇ ਨਾਲ ਹੀ, ਹਾਈ ਕੋਰਟ ਨੇ ਵਕੀਲ ਦੀ ਉਪਾਧੀ ‘ਤੇ ਮੁੜ ਵਿਚਾਰ ਕਰਨ ਦੀ ਵੀ ਸਲਾਹ ਦਿੱਤੀ ਹੈ।



