ਹੁਣ ਵਿਦਿਆਰਥੀਆਂ ਨੂੰ ਦਸਤਾਵੇਜ਼ਾਂ ਲਈ ਨਹੀਂ ਭਰਨੀ ਪਵੇਗੀ ਵਾਧੂ ਫੀਸ, PSEB ਨੇ ਸਥਾਪਿਤ ਕੀਤਾ ਵੱਖਰਾ ਆਨਲਾਈਨ ਕਾਉਂਟਰ

ਐੱਸਏਐੱਸ ਨਗਰ, 12 ਜੂਨ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੁਵਿਧਾ ਲਈ ਇਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ ਦੁਪਰਤੀ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫਿਕੇਟ, ਟਰਾਂਸਸਕ੍ਰਿਪਟ ਅਤੇ ਡਬਲਯੂਈਐੱਸ ਸਬੰਧੀ ਦਸਤਾਵੇਜ਼ਾਂ ਲਈ ਆਨਲਾਈਨ ਅਰਜ਼ੀ ਦੇਣ ਵਾਸਤੇ ਸਿੱਧਾ ਅਤੇ ਸੁਵਿਧਾਜਨਕ ਪ੍ਰਬੰਧ ਕੀਤੇ ਗਏ ਹਨ। ਇਸ ਲਈ ਸਿੱਖਿਆ ਬੋਰਡ ਦੀ ਸਿੰਗਲ ਵਿੰਡੋ ’ਤੇ ਇਕ ਵੱਖਰਾ ਆਨਲਾਈਨ ਕਾਉਂਟਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐੱਸ (ਰਿਟਾ.) ਨੇ ਦੱਸਿਆ ਕਿ ਬੋਰਡ ਵੈੱਬਸਾਈਟ ‘ਤੇ ਉਪਲਬਧ ਇਹ ਆਨਲਾਈਨ ਸੇਵਾਵਾਂ ਵਿਦਿਆਰਥੀਆਂ ਲਈ ਪਹਿਲਾਂ ਤੋਂ ਹੀ ਚਲ ਰਹੀਆਂ ਹਨ, ਪਰ ਅਕਸਰ ਵਿਦਿਆਰਥੀ ਮੁੱਖ ਦਫ਼ਤਰ ਆ ਕੇ ਜਾਣਕਾਰੀ ਲੈਂਦੇ ਹਨ ਅਤੇ ਫਿਰ ਬਾਹਰ ਦੇ ਸਾਈਬਰ ਕੈਫ਼ੇ ‘ਚੋਂ ਇਹ ਕੰਮ ਕਰਵਾਉਂਦੇ ਹਨ। ਕੈਫ਼ੇ ਮਾਲਕ ਇਸ ਕੰਮ ਲਈ ਵਿਦਿਆਰਥੀਆਂ ਕੋਲੋਂ ਵਾਧੂ ਪੈਸੇ ਲੈਂਦੇ ਹਨ, ਜਿਸ ਕਰਕੇ ਉਨ੍ਹਾਂ ਦੀ ਲੁੱਟਖਸੁਟ ਹੋ ਰਹੀ ਸੀ। ਚੇਅਰਮੈਨ ਅਨੁਸਾਰ, ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਅਤੇ ਸਿੱਧੀ ਗੱਲਬਾਤ ਤੋਂ ਬਾਅਦ ਇਹ ਨਵਾਂ ਕਾਉਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਵਿਦਿਆਰਥੀ ਬਿਨਾਂ ਕਿਸੇ ਵਾਧੂ ਸ਼ੁਲਕ ਦੇ ਆਪਣਾ ਆਨਲਾਈਨ ਫਾਰਮ ਭਰ ਸਕਣਗੇ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਚੇਗਾ, ਸਗੋਂ ਉਨ੍ਹਾਂ ਨੂੰ ਠੱਗੀ ਤੋਂ ਵੀ ਛੁਟਕਾਰਾ ਮਿਲੇਗਾ। ਇਹ ਕਾਉਂਟਰ ਲਗਪਗ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤਕ ਰੋਜ਼ਾਨਾ ਲਗਪਗ 45 ਤੋਂ 50 ਵਿਦਿਆਰਥੀ ਇਸ ਤੋਂ ਲਾਭ ਉਠਾ ਰਹੇ ਹਨ।



