ਬੱਚਾ ਨਾ ਹੋਣ ‘ਤੇ ਵਿਆਹੁਤਾ ਦੀ ਹੱਤਿਆ ਕਰ ਕੇ ਲਾਸ਼ ਦਰੱਖ਼ਤ ‘ਤੇ ਟੰਗੀ ! ਦੂਰ-ਦੂਰ ਤਕ ਸੁਣੀਆਂ ਚੀਕਾਂ; ਸੱਸ ਗ੍ਰਿਫ਼ਤਾਰ

ਲੁਧਿਆਣਾ, 13 ਅਪ੍ਰੈਲ-ਵਿਆਹੁਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਉਸ ਦੀ ਲਾਸ਼ ਦਰੱਖ਼ਤ ‘ਤੇ ਟੰਗ ਦੇਣ ਦਾ ਸਨਸਨਖੇਜ਼ ਮਾਮਲਾ ਸਾਹਮਣੇ ਆਇਆ। ਮੁਲਜ਼ਮਾਂ ਨੇ ਕਤਲ ਨੂੰ ਆਤਮ-ਹੱਤਿਆ ਦਾ ਰੂਪ ਦੇਣ ਲਈ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਨ੍ਹਾਂ ਦੀ ਬੇਟੀ ਨੇ ਦਰੱਖ਼ਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ‘ਚ ਥਾਣਾ ਪੀਏਯੂ ਦੀ ਪੁਲਿਸ ਨੇ ਸ਼ਿਵਾਨੀ (29) ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਐਤਵਾਰ ਦੁਪਹਿਰ ਬਾਅਦ ਡਾਕਟਰਾਂ ਦੀ ਟੀਮ ਲਾਸ਼ ਦਾ ਪੋਸਟਮਾਰਟਮ ਕਰੇਗੀ। ਇਸ ਮਾਮਲੇ ‘ਚ ਥਾਣਾ ਪੀਏਯੂ ਦੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਉੱਤਰ ਪ੍ਰਦੇਸ਼ ਦੇ ਮੇਰਠ ਇਲਾਕੇ ਦੇ ਰਹਿਣ ਵਾਲੇ ਝੱਬਾ ਸਿੰਘ ਦੀ ਸ਼ਿਕਾਇਤ ‘ਤੇ ਇਆਲੀ ਖੁਰਦ ਵਾਸੀ ਰੋਹਿਤ ਉਰਫ ਬਬਲੂ ,ਬਬਲੂ ਦੀ ਮਾਤਾ ਪੁਸ਼ਪਾ ਤੇ ਮ੍ਰਿਤਕਾ ਦੇ ਨਣਦੋਈਏ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਝੱਬਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਬੇਟੀ ਸ਼ਿਵਾਨੀ ਨੇ ਸਾਲ 2016 ‘ਚ ਪਰਿਵਾਰ ਦੀ ਮਰਜ਼ੀ ਖਿਲਾਫ ਇਆਲੀ ਕਲਾਂ ਦੇ ਰਹਿਣ ਵਾਲੇ ਰੋਹਿਤ ਉਰਫ ਬਬਲੂ ਨਾਲ ਵਿਆਹ ਕਰਵਾਇਆ ਸੀ। ਬੱਚਾ ਨਾ ਹੋਣ ਕਾਰਨ ਮੁਲਜ਼ਮ ਕਈ ਸਾਲਾਂ ਤੋਂ ਉਸਨੂੰ ਦਿਮਾਗੀ ਤੇ ਸਰੀਰਕ ਤੌਰ ‘ਤੇ ਤਸੀਹੇ ਦੇ ਰਹੇ ਸਨ। ਝੱਬਾ ਸਿੰਘ ਨੇ ਦੱਸਿਆ ਕਿ ਲੜਕੀ ਦਾ ਪਤੀ ਰੋਹਿਤ ਤੇ ਸੱਸ ਪੁਸ਼ਪਾ ਨੇ ਆਪਣੇ ਜਵਾਈ ਨਾਲ ਮਿਲ ਕੇ 11 ਅਪ੍ਰੈਲ ਨੂੰ ਸ਼ਿਵਾਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸੇ ਦੌਰਾਨ ਸ਼ਿਵਾਨੀ ਨੇ ਝੱਬਾ ਸਿੰਘ ਨੂੰ ਫੋਨ ਕੀਤਾ। ਝੱਬਾ ਸਿੰਘ ਨੇ ਦੱਸਿਆ ਕਿ ਉਸਦੇ ਪਤੀ ਰੋਹਿਤ ਨੇ ਸ਼ਿਵਾਨੀ ਕੋਲੋਂ ਫੋਨ ਖੋਹ ਕੇ ਉਨ੍ਹਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਅਗਲੇ ਦਿਨ ਸ਼ਿਕਾਇਤਕਰਤਾ ਨੂੰ ਸ਼ਿਵਾਨੀ ਦੀ ਸੱਸ ਪੁਸ਼ਪਾ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੇ ਦਰੱਖ਼ਤ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਦੂਰ-ਦੂਰ ਤਕ ਸੁਣਾਈ ਦਿੱਤੀ ਚੀਕਾਂ ਦੀ ਆਵਾਜ਼
ਸ਼ਿਕਾਇਤ ‘ਚ ਝੱਬਾ ਸਿੰਘ ਨੇ ਦੱਸਿਆ ਕਿ ਉਹ ਜਿਵੇਂ ਹੀ ਆਪਣੀ ਬੇਟੀ ਦੇ ਘਰ ਇਆਲੀ ਪਹੁੰਚੇ, ਕੁਝ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਧੀ ਦੀਆਂ ਚੀਕਾਂ ਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦੇ ਰਹੀ ਸੀ। ਲੜਕੀ ਦੇ ਪਿਤਾ ਨੇ ਸ਼ਿਕਾਇਤ ‘ਚ ਦੱਸਿਆ ਕਿ ਉਸਨੂੰ ਪੂਰਾ ਯਕੀਨ ਹੈ ਕਿ ਮੁਲਜ਼ਮਾਂ ਨੇ ਗਲਾ ਘੋਟ ਕੇ ਉਸਦੀ ਧੀ ਦੀ ਹੱਤਿਆ ਕੀਤੀ ਤੇ ਹੱਤਿਆ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਲਈ ਲੜਕੀ ਦੀ ਲਾਸ਼ ਨੂੰ ਦਰੱਖ਼ਤ ਨਾਲ ਟੰਗ ਦਿੱਤਾ। ਉਧਰੋਂ ਇਸ ਸਾਰੇ ਮਾਮਲੇ ‘ਚ ਜਾਂਚ ਅਧਿਕਾਰੀ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਝੱਬਾ ਸਿੰਘ ਦੀ ਸ਼ਿਕਾਇਤ ‘ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਮ੍ਰਿਤਕਾ ਦੀ ਸੱਸ ਪੁਸ਼ਪਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ।



