Punjab

61 ਲੱਖ ਦੀ ਠੱਗੀ ਮਾਰ ਕੇ ਟਰੈਵਲ ਏਜੰਟ ਪਤਨੀ ਸਮੇਤ ਫਰਾਰ

ਮੋਰਿੰਡਾ, 28 ਨਵੰਬਰ : ਮੋਰਿੰਡਾ ਦਾ ਇੱਕ ਟਰੈਵਲ ਏਜੰਟ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਅੱਧੀ ਦਰਜਨ ਨੌਜਵਾਨਾਂ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ ਲਗਭਗ 61 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ। ਇਸ ਸਬੰਧੀ ਬਹਾਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਦੁੱਗਰੀ, ਨਰਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਭੱਕੂਮਾਜਰਾ, ਮੰਗਤ ਰਾਮ ਵਾਸੀ ਪਿੰਡ ਰਸੀਦਪੁਰ, ਇਸ਼ਾਂਤ ਸ਼ਰਮਾ ਪੁੱਤਰ ਰਜਿੰਦਰ ਕੁਮਾਰ ਵਾਸੀ ਮਾਣੇਮਾਜਰਾ ਹਾਲ ਵਾਸੀ ਮੋਰਿੰਡਾ, ਨਰਿੰਦਰ ਸਿੰਘ ਵਾਸੀ ਪਿੰਡ ਮਨੈਲੀ, ਥਾਣਾ ਖਮਾਣੋਂ ਅਤੇ ਚਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਅਟਾਰੀ ਵੱਲੋਂ ਐੱਸਐੱਸਪੀ ਰੂਪਨਗਰ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਚਮਕੌਰ ਸਾਹਿਬ ਵਿਖੇ ਗੱਡੀਆਂ ਦੀ ਡੈਂਟਿੰਗ-ਪੇਂਟਿੰਗ ਦੀ ਵਰਕਸ਼ਾਪ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਮੋਰਿੰਡਾ ਵਿਖੇ ਸ਼ਹੀਦ ਭਗਤ ਸਿੰਘ ਕਲੌਨੀ ਵਿਚ ਕਿਰਾਏ ਦੇ ਮਕਾਨ ’ਚ ਰਹਿਣ ਵਾਲਾ ਟਰੈਵਲ ਏਜੰਟ ਹਰਪ੍ਰੀਤ ਸਿੰਘ ਉਸ ਦੀ ਵਰਕਸ਼ਾਪ ’ਤੇ ਆਪਣੀ ਗੱਡੀ ਦਾ ਕੰਮ ਕਰਾਉਣ ਵਾਸਤੇ ਅਕਸਰ ਆਉਂਦਾ ਜਾਂਦਾ ਸੀ। ਇਸ ਦੌਰਾਨ ਉਸ ਦੇ ਉਕਤ ਏਜੰਟ ਨਾਲ ਪਰਿਵਾਰਿਕ ਸਬੰਧ ਬਣ ਗਏ। ਜਿਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਵਿਸਵਾਸ ਵਿਚ ਲੈ ਕੇ ਕਿਹਾ ਕਿ ਉਹ ਬਰਲਿਨ ਸ਼ਹਿਰ (ਜਰਮਨ) ਵਿਖੇ ਆਪਣਾ ਰੈਸਟੋਰੈਂਟ ਖੋਲ੍ਹਣਾ ਚਾਹੁੰਦਾ ਹੈ ਅਤੇ ਜੇਕਰ ਤੁਸੀਂ ਕਿਸੇ ਨੂੰ ਵਿਦੇਸ਼ ਭੇਜਣਾ ਹੋਵੇ ਤਾਂ ਉਹ ਭੇਜ ਸਕਦਾ ਹੈ। ਉਸ ਨੇ ਦੱਸਿਆ ਕਿ ਉਕਤ ਏਜੰਟ ਨੇ ਕਿਹਾ ਕਿ ਜਰਮਨ ਜਾਣ ਲਈ ਪ੍ਰਤੀ ਵਿਅਕਤੀ 12 ਲੱਖ ਰੁਪਏ ਖਰਚਾ ਆਵੇਗਾ ਪ੍ਰੰਤੂ ਜਿੰਨੀ ਰਕਮ ਉਹ ਦੇ ਸਕਦੇ ਹੋ ਉਹ ਦੇ ਦੇਣ ਜਦਕਿ ਬਾਕੀ ਰਕਮ ਜਰਮਨ ਵਿਖੇ ਉਨ੍ਹਾਂ ਦੀ ਤਨਖਾਹ ਚੋਂ ਥੋੜੀ ਥੋੜੀ ਕੱਟ ਲੈਣ ਦਾ ਝਾਂਸਾ ਦਿੱਤਾ ਗਿਆ। ਉਕਤ ਏਜੰਟ ਨੇ ਪ੍ਰਤੀ ਵਿਅਕਤੀ 1,80,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣ ਦਾ ਵੀ ਵਾਅਦਾ ਕੀਤਾ। ਸ਼ਿਕਾਇਤਕਰਤਾ ਅਨੁਸਾਰ ਉਸ ਦੇ 3 ਭਤੀਜਿਆਂ ਹਰਮਨ ਸਿੰਘ ਪੁੱਤਰ ਹਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ, ਲਵਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਨੇ 21 ਲੱਖ ਰੁਪਏ, ਮੰਗਤ ਰਾਮ ਨੇ ਆਪਣੇ 2 ਬੱਚਿਆਂ ਲਈ 12 ਲੱਖ ਰੁਪਏ, ਚਰਨਜੀਤ ਸਿੰਘ ਨੇ 6 ਲੱਖ ਰੁਪਏ ਨਗਦ ਉਸਦੀ ਵਰਕਸ਼ਾਪ ਵਿਚ, ਨਰਿੰਦਰ ਸਿੰਘ ਨੇ 6 ਲੱਖ ਰੁਪਏ ਪਿੰਡ ਮਨੈਲੀ ਵਿਖੇ ਜਦਕਿ ਇਸ਼ਾਂਤ ਸ਼ਰਮਾ ਨੇ 10 ਲੱਖ ਰੁਪਏ ਮੋਰਿੰਡਾ ਵਿਖੇ ਉਕਤ ਏਜੰਟ ਨੂੰ ਦਿੱਤੇ। ਉਸ ਨੇ ਦੱਸਿਆ ਕਿ 24 ਨਵੰਬਰ ਨੂੰ ਉਹ ਸਾਰੇ ਹਰਪ੍ਰੀਤ ਸਿੰਘ ਦੇ ਮੋਰਿੰਡਾ ਸਥਿਤ ਘਰ ਗੱਲਬਾਤ ਕਰਨ ਗਏ ਤਾਂ ਉਕਤ ਏਜੰਟ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਉਰਫ ਰਮਨ ਆਈ-20 ਕਾਰ (ਪੀਬੀ 10 ਜੀਆਰ 3021) ਰੰਗ ਚਿੱਟਾ ਵਿਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਦੋਹਾਂ ਨੇ ਆਪਣੇ ਫੋਨ ਵੀ ਬੰਦ ਕਰ ਲਏ। ਬਹਾਦਰ ਸਿੰਘ ਅਤੇ ਠੱਗੀ ਦਾ ਸ਼ਿਕਾਰ ਹੋਰ ਵਿਅਕਤੀਆਂ ਨੇ ਐੱਸਐੱਸਪੀ ਰੂਪਨਗਰ ਨੂੰ ਸ਼ਿਕਾਇਤ ਦਿੱਤੀ ਕਿ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਨੇ ਉਨ੍ਹਾਂ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ 61 ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖੇਬਾਜ਼ੀ ਕੀਤੀ ਹੈ। ਉਨ੍ਹਾਂ ਆਰੋਪੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ ਸਮੇਤ ਆਰੋਪੀਆਂ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਐੱਸਐੱਚਓ ਸਿਟੀ ਥਾਣਾ ਮੋਰਿੰਡਾ ਐੱਸਆਈ ਗੁਰਮੁੱਖ ਸਿੰਘ ਨੇ ਕਿਹਾ ਕਿ ਉਪਰੋਕਤ ਦਰਖਾਸਤ ਪੜਤਾਲ ਉਪਰੰਤ ਉਨ੍ਹਾਂ ਕੋਲ ਆਉਣ ’ਤੇ ਆਰੋਪੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button