Punjab

‘500 ਕਰੋੜ ’ਚ ਵਿਕਦੀ ਹੈ ਕਾਂਗਰਸ ’ਚ ਸੀਐੱਮ ਦੀ ਕੁਰਸੀ’ ਵਾਲਾ ਬਿਆਨ ਡਾ. ਸਿੱਧੂ ਨੇ ਪਤੀ ਦੇ ਕਹਿਣ ‘ਤੇ ਦਿੱਤਾ : ਰੰਧਾਵਾ

ਹੁਸ਼ਿਆਰਪੁਰ, 31 ਦਸੰਬਰ : ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ 500 ਕਰੋੜ ਰੁਪਏ ’ਚ ਕਾਂਗਰਸ ਵਿਚ ਮੁੱਖ ਮੰਤਰੀ ਦੀ ਕੁਰਸੀ ਵਿਕਣ ਦਾ ਮਨਘੜਤ ਬਿਆਨ ਆਪਣੇ ਪਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਹਿਣ ‘ਤੇ ਦਿੱਤਾ ਹੈ। ਹਾਲਾਂਕਿ ਬਾਅਦ ’ਚ ਉਹ ਆਪਣੇ ਹੀ ਬਿਆਨ ਤੋਂ ਪਲਟ ਗਈ। ਉਨ੍ਹਾਂ ਕਿਹਾ ਕਿ ਜਿਸ ਆਗੂ ਦਾ ਡੀਐੱਨਏ ਕਾਂਗਰਸ ਹੋਵੇ, ਉਸ ਨੂੰ ਹੀ ਪ੍ਰਧਾਨ ਜਿਹੇ ਗੰਭੀਰ ਅਹੁਦੇ ‘ਤੇ ਬੈਠਾਉਣਾ ਚਾਹੀਦਾ ਹੈ। ਦਲ-ਬਦਲ ਕਰ ਕੇ ਕਾਂਗਰਸ ’ਚ ਆਉਣ ਵਾਲੇ ਆਗੂਆਂ ਨੂੰ ਵਿਧਾਇਕ ਬਣਾ ਦਿਓ, ਮੰਤਰੀ ਬਣਾ ਦਿਓ, ਪਰ ਉਨ੍ਹਾਂ ਨੂੰ ਕਦੇ ਵੀ ਪ੍ਰਧਾਨ ਨਹੀਂ ਬਣਾਉਣਾ ਚਾਹੀਦਾ। ਰੰਧਾਵਾ ਮੰਗਲਵਾਰ ਨੂੰ ਹੁਸ਼ਿਆਰਪੁਰ ’ਚ ਜ਼ਿਲ੍ਹਾ ਕਾਂਗਰਸ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਕਾਂਗਰਸ ’ਚ 500 ਕਰੋੜ ਰੁਪਏ ਦੀ ਅਟੈਚੀ ਭੇਟ ਕਰਨ ਵਾਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਹੈ। ਇਸ ਬਾਅਦ ਤੋਂ ਹੀ ਕਾਂਗਰਸ ’ਚ ਖਲਬਲੀ ਮਚੀ ਹੋਈ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦਾ ਕੋਈ ਨਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਪੰਜ ਸਾਲਾਂ ’ਚ ਰਾਜ ਨੂੰ ਸਥਾਈ ਡੀਜੀਪੀ ਨਹੀਂ ਦੇ ਸਕਿਆ, ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਪੰਜਾਬ ਪੁਲਿਸ ਬਹਾਦਰ ਪੁਲਿਸ ਹੈ। ਇਸ ਪੁਲਿਸ ਨੇ ਰਾਜ ਤੋਂ ਅੱਤਵਾਦ ਖਤਮ ਕੀਤਾ ਸੀ, ਤਾਂ ਗੈਂਗਸਟਰ ਕੀ ਚੀਜ਼ ਹੈ। ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਗ਼ਰੀਬੀ ਨਹੀਂ, ਗ਼ਰੀਬ ਖਤਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਇਸ ਲਈ ਮਨਰੇਗਾ ਯੋਜਨਾ ’ਚ ਵੱਡਾ ਉਲਟਫੇਰ ਕਰ ਕੇ ਮਜ਼ਦੂਰਾਂ ਦੇ ਹੱਕਾਂ ‘ਤੇ ਡਾਕਾ ਮਾਰਨ ਦਾ ਕੰਮ ਕੀਤਾ ਗਿਆ ਹੈ। 2004 ’ਚ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੇ ਹਿੱਤਾਂ ਲਈ ਮਨਰੇਗਾ ਲਾਗੂ ਕੀਤਾ ਸੀ, ਜਿਸ ਨੂੰ ਅੱਜ ਖ਼ਤਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਇਸ ਖ਼ਿਲਾਫ਼ ਕਾਂਗਰਸ ਪੰਜ ਜਨਵਰੀ ਤੋਂ ਮਜ਼ਦੂਰਾਂ ਨੂੰ ਨਾਲ ਲੈ ਕੇ ਹਸਤਾਖਰ ਮੁਹਿੰਮ ਚਲਾਏਗੀ। ਓਪਰੇਸ਼ਨ ਸਿੰਧੂਰ ਦਾ ਜ਼ਿਕਰ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਕੀ-ਕੀ ਨੁਕਸਾਨ ਪਹੁੰਚਾਇਆ ਸੀ।

Related Articles

Leave a Reply

Your email address will not be published. Required fields are marked *

Back to top button