Punjab

49 ਹਜ਼ਾਰ ਕਰੋੜ ਦੇ Pearl Scam ’ਚ ਫਰਾਰ ਗੁਰਨਾਮ ਸਿੰਘ ਗ੍ਰਿਫ਼ਤਾਰ

ਪੀਏਸੀਐੱਲ ਕੰਪਨੀ ਨੇ ਪੰਜ ਕਰੋੜ ਨਿਵੇਸ਼ਕਾਂ ਨੂੰ ਬਣਾਇਆ ਸ਼ਿਕਾਰ

ਲਖਨਊ/ਰੋਪੜ, 11 ਜੁਲਾਈ : ਨਿਵੇਸ਼ਕਾਂ ਨੂੰ ਦਿਲਕਸ਼ ਯੋਜਨਾਵਾਂ ਦਾ ਝਾਂਸਾ ਦੇ ਕੇ 49 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਵਾਲੀ ਪਰਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐੱਲ) ਦੇ ਮਾਲਕ ਗੁਰਨਾਮ ਸਿੰਘ ਨੂੰ ਆਰਥਿਕ ਅਪਰਾਧ ਬ੍ਰਾਂਚ (ਈਓਡਬਲਯੂ) ਨੇ ਪੰਜਾਬ ਦੇ ਰੋਪੜ ਤੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੋਂਜੀ ਸਕੀਮ ਰਾਹੀਂ ਦੇਸ਼ ਦੇ ਸਭ ਤੋਂ ਵੱਡੇ ਇਸ ਆਰਥਿਕ ਅਪਰਾਧ ’ਚ ਗੁਰਨਾਮ ਸਿੰਘ ਨੂੰ ਪਹਿਲਾਂ ਸੀਬੀਆਈ ਨੇ ਸਾਲ 2016 ’ਚ ਦਿੱਲੀ ’ਚ ਦਰਜ ਮੁਕੱਦਮੇ ’ਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ, ਜਿਸ ਦੇ ਬਾਅਦ ਉਹ ਜ਼ਮਾਨਤ ’ਤੇ ਬਾਹਰ ਆ ਗਿਆ ਸੀ। ਰੋਪੜ ’ਚ ਆਪਣੇ ਪਿੰਡ ਤੋਂ ਦੂਰ ਫਾਰਮ ਹਾਊਸ ’ਚ ਲੁੱਕ ਕੇ ਰਹਿ ਰਿਹਾ ਸੀ। ਈਓਡਬਲਯੂ ਨੇ ਨਿਵੇਸ਼ਕਾਂ ਵੱਲੋਂ ਉੱਤਰ ਪ੍ਰਦੇਸ਼ ਦੇ ਜਾਲੌਨ ’ਚ ਦਰਜ ਕਰਾਏ ਗਏ ਮੁਕੱਦਮੇ ਤਹਿਤ ਗੁਰਨਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਏਸੀਐੱਲ ਨੇ ਉੱਤਰ ਪ੍ਰਦੇਸ਼ ਸਮੇਤ 10 ਸੂਬਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਕੰਪਨੀ ਨੇ ਪੰਜਾਬ, ਅਸਾਮ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼•, ਆਂਧਰ ਪ੍ਰਦੇਸ਼•, ਕੇਰਲ, ਬਿਹਾਰ ਤੇ ਛੱਤੀਸਗੜ੍ਹ ’ਚ ਆਪਣੀਆਂ ਬ੍ਰਾਂਚਾਂ ਖੋਲ੍ਹੀਆਂ ਸਨ। ਡੀਜੀਈਓਡਬਲਯੂ ਨੀਰਾ ਰਾਵਤ ਮੁਤਾਬਕ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਸਾਲ-2018 ’ਚ ਈਓਡਬਲਯੂ ਨੂੰ ਸੌਂਪੀ ਸੀ। ਨਿਵੇਸ਼ਕਾਂ ਨਾਲ ਠੱਗੀ ਦੇ ਇਸ ਮਾਮਲੇ ’ਚ ਅਲੱਗ-ਅਲੱਗ ਸੂਬਿਆਂ ’ਚ ਮੁਕੱਦਮੇ ਦਰਜ ਕਰਾਏ ਗਏ ਸਨ। ਕੁਝ ਮੁਕੱਦਮਿਆਂ ਦੀ ਜਾਂਚ ਸੀਬੀਆਈ ਨੇ ਵੀ ਕੀਤੀ ਹੈ। ਜਾਲੌਨ ’ਚ ਦਰਜ ਮੁਕੱਦਮੇ ’ਚ ਗੁਰਨਾਮ ਸਿੰਘ ਸਮੇਤ 10 ਨਾਮਜ਼ਦ ਮੁਲਜ਼ਮ ਹਨ। ਇਨ੍ਹਾਂ ’ਚ ਚਾਰ ਮੁਲਜ਼ਮ ਸੀਬੀਆਈ ਦੇ ਕੇਸ ’ਚ ਵੀ ਲੁੜੀਂਦੇ ਸਨ, ਜਿਨ੍ਹਾਂ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ। ਤਿਹਾੜ ਜੇਲ੍ਹ ’ਚ ਬੰਦ ਇਨ੍ਹਾਂ ਮੁਲਜ਼ਮਾਂ ਖਿਲਾਫ਼ ਬੀ ਵਾਰੰਟ ਲਿਆ ਗਿਆ ਹੈ। ਈਓਡਬਲਯੂ ਦੋ ਹੋਰ ਮੁਲਜ਼ਮਾਂ ਦੀ ਭਾਲ ਕਰ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button