48 ਘੰਟੇ ਬਾਅਦ ਅਟਾਰੀ ਵਾਹਗਾ ਸਰਹੱਦ ਨੂੰ ਲੱਗ ਜਾਣਗੇ ਪੱਕੇ ਤਾਲੇ, ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਬੰਦ ਕੀਤੀ ਅਟਾਰੀ ਚੈੱਕ ਪੋਸਟ

ਅੰਮ੍ਰਿਤਸਰ, 24 ਅਪਰੈਲ-ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ ਹੈ। ਭਾਰਤ ਸਰਕਾਰ ਨੇ ਅਟਾਰੀ ਸਰਹੱਦ ਬੰਦ ਕਰ ਦਿੱਤੀ ਹੈ। ਸਰਹੱਦ ਬੰਦ ਹੋਣ ਤੋਂ ਬਾਅਦ, ਪਾਕਿਸਤਾਨ ਦਾ ਕੋਈ ਵੀ ਵਿਅਕਤੀ ਭਾਰਤ ਨਹੀਂ ਆ ਸਕੇਗਾ। ਭਾਰਤ ਸਰਕਾਰ ਨੇ ਭਾਰਤ ਆਏ ਪਾਕਿਸਤਾਨੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਹਨ। ਇਹ ਪਤਾ ਲੱਗਾ ਹੈ ਕਿ ਜਿਹੜੇ ਲੋਕ ਵੀਜ਼ਾ ਮਿਲਣ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਆਏ ਸਨ, ਉਨ੍ਹਾਂ ਨੂੰ 48 ਘੰਟਿਆਂ ਤੋਂ ਬਾਅਦ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਸਰਹੱਦ ਬੰਦ ਹੋਣ ਨਾਲ ਰਿਟਰੀਟ ਸੈਰੇਮਨੀ ‘ਤੇ ਕੋਈ ਅਸਰ ਨਹੀਂ ਪਵੇਗਾ। ਇਹ ਰਿਟਰੀਟ ਰੋਜ਼ਾਨਾ ਆਪਣੇ ਨਿਰਧਾਰਤ ਸਮੇਂ ‘ਤੇ ਜਾਰੀ ਰਹੇਗੀ। ਸਰਹੱਦ ਬੰਦ ਹੋਣ ਨਾਲ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੇ ਧਾਰਮਿਕ ਯਾਤਰਾ ਲਈ ਜਾਣ ਵਾਲੇ ਜਥਿਆ ‘ਤੇ ਵਧੇਰੇ ਪ੍ਰਭਾਵ ਪਵੇਗਾ। ਵਿਸਾਖੀ, ਗੁਰਪੁਰਬ ‘ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਮਹਾਂਸ਼ਿਵਰਾਤਰੀ ਦੇ ਮੌਕੇ ‘ਤੇ, ਹਿੰਦੂ ਸਿੱਖ ਭਾਈਚਾਰੇ ਦੇ ਯਾਤਰੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾਂਦੇ ਹਨ। ਇਹ ਲੋਕ ਅਗਲੇ ਹੁਕਮਾਂ ਤੱਕ ਉੱਥੇ ਨਹੀਂ ਜਾ ਸਕਣਗੇ ਅਤੇ ਨਾ ਹੀ ਕੋਈ ਪਾਕਿਸਤਾਨ ਤੋਂ ਆ ਸਕੇਗਾ। ਇਸੇ ਰਸਤੇ ਅਫਗਾਨਿਸਤਾਨ ਤੋਂ ਵੀ ਭਾਰਤ ਨਾਲ ਵਪਾਰ ਹੁੰਦਾ ਹੈ , ਜਿਸ ਵਿਚ ਸੁੱਕੇ ਮੇਵੇ ਅਤੇ ਜੜ੍ਹੀਆਂ ਬੂਟੀਆਂ ਟਰੱਕਾਂ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਣਗੇ ਜਾਂ ਨਹੀਂ।



