
ਫ਼ਿਰੋਜ਼ਪੁਰ, 4 ਮਾਰਚ (ਜਸਵਿੰਦਰ ਸਿੰਘ ਸੰਧੂ)– ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਥਾਵਾਂ ’ਤੇ ਗਸ਼ਤ ਅਤੇ ਛਾਪੇਮਾਰੀ ਦੌਰਾਨ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 434 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਇਲਾਕੇ ਵਿਚ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਨੂੰ ਪੁੱਤਰ ਜਗਤਾਰ ਸਿੰਘ ਵਾਸੀ ਬਸਤੀ ਨੰਬਰ 3 ਬੀੜ ਤਲਾਬ ਜ਼ਿਲ੍ਹਾ ਬਠਿੰਡਾ ਕਿਸੇ ਅਣਪਛਾਤੇ ਵਿਅਕਤੀ ਤੋਂ ਹੈਰੋਇਨ ਲੈ ਕੇ ਅੱਗੇ ਵੇਚਣ ਲਈ ਟਰੇਨ ਰਾਹੀਂ ਬਠਿੰਡਾ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਸ਼ੀ ਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 259 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਘੱਲਖੁਰਦ ਪੁਲਿਸ ਦੇ ਇੰਸਪੈਕਟਰ ਮੁੱਖ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਸੇਮਨਾਲਾ ਫਿਰੋਜ਼ਸ਼ਾਹ ਪਾਸ ਕੋਲ ਮੌਜ਼ੂਦ ਸੀ ਤਾਂ ਮਿੱਠਣ ਸਿੰਘ ਉਰਫ ਮਿੱਠੀ ਪੁੱਤਰ ਪਾਲਾ ਸਿੰਘ ਵਾਸੀ ਸੋਢੀ ਨਗਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਪਿੰਡ ਵਾੜਾ ਭਾਈ ਕਾ ਪਾਸ ਮੌਜ਼ੂਦ ਸੀ ਤਾਂ ਧਰਮਵੀਰ ਸਿੰਘ ਉਰਫ ਰਾਜੂ ਪੁੱਤਰ ਬਿੱਕਰ ਸਿੰਘ ਵਾਸੀ ਵਾਰਡ ਨੰਬਰ 8 ਮੁੱਦਕੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਧਰ ਥਾਣਾ ਗੁਰੂਹਰਸਾਏ ਪੁਲਿਸ ਦੇ ਸਬ ਇੰਸਪੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਪਾਰਸ ਸਿਨੇਮਾ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਦੋਸ਼ੀਅਨ ਅਜੈ ਪੁੱਤਰ ਮੁਖਤਿਆਰ ਸਿੰਘ ਵਾਸੀ ਬਸਤੀ ਝਾਵਲਾ, ਗਗਨਦੀਪ ਉਰਫ ਗੱਗੂ ਪੁੱਤਰ ਸੁਖਦੇਵ ਕੁਮਾਰ ਵਾਸੀ ਬਸਤੀ ਝਾਵਲਾ ਅਤੇ ਬਲਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਲਾਭ ਸਿੰਘ ਵਾਸੀ ਕਾਲੂ ਅਰਾਈਂ ਹਿਠਾੜ ਨੂੰ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 135 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



