Punjab

30 ਹਜ਼ਾਰ 600 ਗੋਲ਼ੀਆਂ ਸਣੇ ਕਾਬੂ ਕੀਤਾ ਵਿਅਕਤੀ ਚਾਰ ਦਿਨਾਂ ਪੁਲਿਸ ਰਿਮਾਂਡ ’ਤੇ

ਤਰਨਤਾਰਨ, 24 ਜੁਲਾਈ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਚਲਾਏ ਜਾ ਰਹੇ ਅਭਿਆਨ ਦੌਰਾਨ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ 30 ਹਜਾਰ 600 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਪੁਲਿਸ ਨੇ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨਾਂ ਪੁਲਿਸ ਰਿਮਾਂਡ ’ਤੇ ਲਿਆ ਹੈ। ਦੱਸਿਆ ਜਾ ਰਿਹਾ ਹੈ ਕੇ ਪੁੱਛਗਿੱਛ ਦੌਰਾਨ ਉਸ ਕੋਲੋਂ ਹੋਰ ਖੁਲਾਸੇ ਹੋ ਸਕਦੇ ਹਨ। ਬੁੱਧਵਾਰ ਨੂੰ ਪ੍ਰੈੱਸ ਵਾਰਤਾ ਦੌਰਾਨ ਐੱਸਪੀ ਇਨਵੈਸਟੀਗੇਸ਼ਨ ਅਜੇਰਾਜ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਹਰ ਰੋਜ਼ ਦੀ ਤਰ੍ਹਾਂ ਇਲਾਕੇ ਵਿਚ ਗੈਰ ਸਮਾਜਿਕ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਗਸ਼ਤ ’ਤੇ ਸੀ। ਇਸੇ ਦੌਰਾਨ ਪਿੰਡ ਰਟੌਲ ਵਾਲੀ ਸੜਕ ’ਤੇ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਿੰਡ ਰਟੌਲ ਵੱਲੋਂ ਹੀਰੋ ਪੈਸ਼ਨ ਪ੍ਰੋ ਮੋਟਰਸਾਈਕਲ ਨੰਬਰ ਪੀਬੀ02-ਸੀਡੀ-8002 ’ਤੇ ਸਵਾਰ ਇਕ ਨੌਜਵਾਨ ਆਇਆ। ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਦਾ ਯਤਨ ਕੀਤਾ ਪਰ ਪੁਲਿਸ ਪਾਰਟੀ ਨੇ ਮਾਮਲਾ ਸ਼ੱਕੀ ਹੋਣ ਦੇ ਚੱਲਦਿਆਂ ਘੇਰਾ ਪਾ ਕੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਅਵਤਾਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਵਨਚਿੜੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਪਛਾਣੇ ਗਏ ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 30 ਹਜ਼ਾਰ 600 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਜਿਸ ਦੇ ਚੱਲਦਿਆਂ ਉਸ ਨੂੰ ਮੋਟਰਸਾਈਕਲ ਸਣੇ ਹਿਰਾਸਤ ’ਚ ਲੈ ਲਿਆ ਤੇ ਥਾਣਾ ਸਿਟੀ ਤਰਨਤਾਰਨ ’ਚ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ। ਐੱਸਪੀ ਅਜੇਰਾਜ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਦਾ ਚਾਰ ਦਿਨਾਂ ਪੁਲਿਸ ਰਿਮਾਂਡ ਮਿਲਿਆ ਹੈ ਤੇ ਉਸ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਪੀ ਆਈ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਉਸ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀਐੱਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਸਿੰਘ ਨਾਗਰਾ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button