
ਕੈਰੋਂ, 31 ਦਸੰਬਰ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਦੇਰ ਸ਼ਾਮ ਤਿੰਨ ਅਣਪਛਾਤਿਆਂ ਨੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮਰਨ ਵਾਲੇ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ (30) ਪੁੱਤਰ ਵਿਰਸਾ ਸਿੰਘ ਵਜੋਂ ਹੋਈ ਹੈ। ਜਦੋਂਕਿ ਗੋਲ਼ੀਆਂ ਮਾਰਨ ਵਾਲੇ ਬਦਮਾਸ਼ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਹਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਜਦੋਂ ਆਪਣੇ ਪਿੰਡ ਸਭਰਾ ਤੋਂ ਸੋਨੂੰ ਸਭਰਾ ਦੀਆਂ ਬਹਿਕਾਂ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਖੜ੍ਹੇ ਤਿੰਨ ਨੌਜਵਾਨਾਂ ਨਾਲ ਉਸਦਾ ਤਕਰਾਰ ਹੋ ਗਿਆ। ਨਜ਼ਦੀਕ ਦੀਆਂ ਬਹਿਕਾਂ ਦੇ ਵਸਨੀਕਾਂ ਨੇ ਜਦੋਂ ਰੌਲਾ ਸੁਣਿਆ ਤਾਂ ਉਹ ਉਥੇ ਪਹੁੰਚਣ ਲੱਗੇ ਅਤੇ ਹਰਪ੍ਰੀਤ ਸਿੰਘ ਨੇ ਵੀ ਉਕਤ ਨੌਜਵਾਨਾਂ ਵਿੱਚੋਂ ਇਕ ਨੂੰ ਫੜ੍ਹ ਲਿਆ। ਜਦੋਂਕਿ ਉਸ ਦੇ ਦੂਸਰੇ ਦੋ ਸਾਥੀਆਂ ਨੇ ਹਰਪ੍ਰੀਤ ਸਿੰਘ ਉੱਪਰ ਗੋਲ਼ੀ ਚਲਾ ਦਿੱਤੀ, ਜੋ ਉਸਦੇ ਦਿਲ ’ਤੇ ਲੱਗੀ।ਜਦੋਂਕਿ ਉਕਤ ਨੌਜਵਾਨ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।ਹਰਪ੍ਰੀਤ ਸਿੰਘ ਨੂੰ ਤੁਰੰਤ ਤਰਨਤਰਨ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਹਰਪ੍ਰੀਤ ਸਿੰਘ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਮੌਕੇ ’ਤੇ ਪੁੱਜੇ ਥਾਣਾ ਸਦਰ ਪੱਟੀ ਦੇ ਮੁਖੀ ਸਬ ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।



