
ਬਾਲ ਕਿਸ਼ਨ
ਫਿਰੋਜ਼ਪੁਰ, 12 ਜੁਲਾਈ : ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੇ ਪੰਜਾਬ ਸਰਕਾਰ ਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਨਿਰਦੇਸ਼ਾਂ ਅਧੀਨ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਨੂੰ ਤੇਜ਼ ਕਰਦਿਆਂ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮੁਹਿੰਮ ਤਹਿਤ ਥਾਣਾ ਸਿਟੀ ਜ਼ੀਰਾ ਵਿਖੇ ਮੁਕੱਦਮਾ ਨੰਬਰ 74, ਮਿਤੀ 8 ਜੁਲਾਈ 2025, ਅਧੀਨ 21 ਐੱਨਡੀਪੀਐੱਸ ਐਕਟ ਤੇ 25 ਆਰਮਜ਼ ਐਕਟ ’ਚ ਪਹਿਲਾਂ ਹੀ 2 ਕਿੱਲੋ ਹੈਰੋਇਨ, 2 ਪਿਸਟਲ 30 ਬੋਰ, ਮੈਗਜ਼ੀਨ, 12 ਰੌਂਦ 30 ਬੋਰ ਤੇ 40 ਰੌਂਦ 32 ਬੋਰ ਬਰਾਮਦ ਕੀਤੇ ਗਏ ਸਨ। ਤਫਤੀਸ਼ ਦੌਰਾਨ ਦੋਸ਼ੀਆਂ ਨੇ ਪੁੱਛਗਿੱਛ ’ਚ ਖੁਲਾਸਾ ਕੀਤਾ ਸੀ ਕਿ ਜਸਵਿੰਦਰ ਸਿੰਘ ਉਰਫ ਲਿਆਕਤ ਤੇ ਉਸ ਦਾ ਭਰਾ ਰਛਪਾਲ ਸਿੰਘ ਉਰਫ ਗੋਰਾ (40) ਪੁੱਤਰ ਸੁਖਮੰਦਰ ਸਿੰਘ, ਵਾਸੀ ਬਸਤੀ ਮਾਛੀਆਂ, ਨੇੜੇ ਮਾਤਾ ਦਾ ਮੰਦਰ, ਥਾਣਾ ਸਿਟੀ ਜ਼ੀਰਾ, ਨਸ਼ਿਆਂ ਦੀ ਤਸਕਰੀ ’ਚ ਸ਼ਾਮਲ ਸਨ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਜਾਂਚ ਕਰਦਿਆਂ ਸਖ਼ਤ ਨਿਗਰਾਨੀ ਰੱਖੀ। ਇਸੇ ਦੌਰਾਨ ਪੁਲਿਸ ਪਾਰਟੀ ਨੇ ਦੋਸ਼ੀ ਰਛਪਾਲ ਸਿੰਘ ਉਰਫ ਗੋਰਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੇ ਕਬਜ਼ੇ ਵਿਚੋਂ 3 ਕਿੱਲੋ 500 ਗ੍ਰਾਮ ਹੈਰੋਇਨ ਤੇ 2 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ। ਜਸਵਿੰਦਰ ਸਿੰਘ ਉਰਫ ਲਿਆਕਤ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਤਲਾਸ਼ ਜਾਰੀ ਹੈ।



