National

3 ਮਾਸੂਮਾਂ ਦੀ ਕਾਤਲ ਮਾਂ ਨੂੰ ਫਾਂਸੀ ਤੇ ਪ੍ਰੇਮੀ ਨੂੰ ਉਮਰ ਕੈਦ, ਅਦਾਲਤ ਨੇ ਕਿਹਾ- ਬੱਚੇ ਮਾਰਨ ਵਾਲੀ ਔਰਤ ਨੂੰ ਜੀਊਣ ਦਾ ਹੱਕ ਨਹੀਂ

ਓਰੱਈਆ, 11 ਜੁਲਾਈ : ਪਤੀ ਦੀ ਮੌਤ ਮਗਰੋਂ ਪ੍ਰੇਮੀ ਨਾਲ ਰਹਿਣ ਲਈ ਬੇਰਹਿਮ ਔਰਤ ਨੇ ਤਿੰਨ ਮਾਸੂਮਾਂ ਨੂੰ ਦਰਿਆ ਵਿਚ ਡੋਬ ਕੇ ਮਾਰ ਦਿੱਤਾ। ਇਸ ਕਾਤਲ ਔਰਤ ਨੂੰ ਵਧੀਕ ਸੈਸ਼ਨ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹੀ ਨਹੀਂ ਨਵਾਂ ਪ੍ਰੇਮੀ ਉਸ ਨੂੰ ਕੁੱਟਦਾ ਸੀ ਤੇ ਕਹਿੰਦਾ ਸੀ ਕਿ ਉਹਦੇ ਪਹਿਲੇ ਵਿਆਹ ਦੇ ਬੱਚੇ ਨਹੀਂ ਰੱਖਾਂਗਾ। ਦੋਵਾਂ ਦਰਿੰਦਿਆਂ ਨੂੰ ਸਾਢੇ ਤਿੰਨ ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਓਰੱਈਆ ਜ਼ਿਲ੍ਹੇ ਦੇ ਸੇਂਗੁਰ ਦਰਿਆ ਦੇ ਤਾਲੇਪੁਰ ਘਾਟ ’ਤੇ 27 ਜੂਨ 2024 ਨੂੰ ਅੰਜਾਮ ਦਿੱਤੀ ਗਈ ਸੀ। ਇਕ ਸਾਲ ਤੇ 13 ਦਿਨਾਂ ਵਿਚ ਫ਼ੈਸਲਾ ਆ ਗਿਆ। ਘਟਨਾ ਵਿਚ ਇਸ ਦਰਿੰਦੀ ਔਰਤ ਦਾ ਸਭ ਤੋਂ ਛੋਟਾ ਪੁੱਤਰ ਬੱਚ ਗਿਆ ਸੀ, ਉਸ ਮਾਸੂਮ ਦੀ ਗਵਾਹੀ ਅਹਿਮ ਸਾਬਤ ਹੋਈ ਹੈ। ਸਰਕਾਰੀ ਵਕੀਲ ਅਭਿਸ਼ੇਕ ਮਿਸ਼ਰਾ ਨੇ ਦੱਸਿਆ ਕਿ ਅਦਾਲਤ ਨੇ ਇਸ ਨੂੰ ਖ਼ਤਰਨਾਕ ਜੁਰਮ ਮੰਨਿਆ ਹੈ ਤੇ ਕਿਹਾ ਹੈ ਕਿ ਜਿਹੜੀ ਜ਼ਨਾਨੀ ਆਪਣੀ ਔਲਾਦ ਨੂੰ ਮਾਰ ਸਕਦੀ ਹੈ, ਉਸ ਨੂੰ ਜੀਊਣ ਦਾ ਹੱਕ ਨਹੀਂ ਹੈ। ਜਾਣਕਾਰੀ ਮੁਤਾਬਕ ਓਰੱਈਆ ਦੀ ਪ੍ਰਿਅੰਕਾ ਦਾ ਵਿਆਹ 2009 ਵਿਚ ਇਟਾਵਾ ਵਿਚ ਅਵਨੀਸ਼ ਨਾਲ ਹੋਇਆ ਸੀ। ਵਿਆਹ ਪਿੱਛੋਂ ਇਸ ਔਰਤ ਨੇ ਚਾਰ ਬੱਚੇ ਜਨਮੇ। 2022 ਵਿਚ ਕਰੰਟ ਲੱਗਣ ਨਾਲ ਅਵਨੀਸ਼ ਦੀ ਮੌਤ ਹੋਈ ਤਾਂ ਪ੍ਰਿਅੰਕਾ ਆਪਣੇ ਚਚੇਰੇ ਦਿਓਰ ਅਸ਼ੀਸ਼ ਡੈਨੀ ਨਾਲ ਰਹਿਣ ਲੱਗ ਪਈ। ਲੋਕ ਸਵਾਲ ਕਰਨ ਲੱਗੇ ਤਾਂ ਇਹ ਔਰਤ ਮਾਮਲਾ ਦੱਬਣ ਲਈ ਕੁਝ ਸਮਾਂ ਪੇਕੇ ਘਰ ਚਲੀ ਗਈ, ਡੈਨੀ ਵੀ ਨਾਲ ਹੀ ਰਹਿਣ ਚਲਾ ਗਿਆ। ਜੂਨ 2024 ਵਿਚ ਪ੍ਰਿਅੰਕਾ ਬੱਚਿਆਂ ਦੇ ਨਾਲ ਮੁਹੱਲਾ ਬਨਾਰਸੀਦਾਸ ਵਿਚ ਕਿਰਾਏ ਦੇ ਕਮਰੇ ’ਤੇ ਰਹਿਣ ਲੱਗੀ ਤੇ ਡੈਨੀ ਉਥੇ ਸੈਲੋਨ ਵਿਚ ਕੰਮ ਕਰਨ ਲੱਗਾ। ਬੱਚਿਆਂ ਨੂੰ ਲੈ ਕੇ ਹਰ ਰੋਜ਼ ਕਲੇਸ਼ ਰਹਿਣ ਲੱਗਾ। ਨਸ਼ੇ ਵਿਚ ਡੈਨੀ ਬੱਚਿਆਂ ਨੂੰ ਕੁੱਟਦਾ ਤੇ ਫਿਰ ਉਸ ਨੇ ਪ੍ਰਿਅੰਕਾ ’ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ। ਅਖ਼ੀਰ 27 ਜੂਨ 2024 ਦੀ ਸਵੇਰ ਨੂੰ ਪ੍ਰਿਅੰਕਾ ਆਪਣੇ ਸਾਰੇ ਬੱਚੇ ਲੈ ਕੇ ਸੇਂਗੁਰ ਨਦੀ ਦੇ ਤਾਲੇਪੁਰ ਘਾਟ ’ਤੇ ਪੁੱਜੀ ਤੇ ਇਕ-ਇਕ ਕਰ ਕੇ 8 ਸਾਲਾ ਸੋਨੂੰ, ਸੱਤ ਸਾਲਾ ਆਦਿੱਤਿਆ, ਛੇ ਸਾਲਾ ਮਾਧਵ ਤੇ ਢਾਈ ਸਾਲਾ ਮੰਗਲ ਨੂੰ ਪਾਣੀ ਵਿਚ ਡੋਬ ਦਿੱਤਾ। ਇਸ ਦੌਰਾਨ 3 ਬੱਚਿਆਂ ਦੀ ਮੌਤ ਹੋ ਗਈ ਪਰ ਸੋਨੂੰ ਨੇ ਮਰਨ ਦੀ ਐਕਟਿੰਗ ਕੀਤੀ ਤੇ ਬੱਚ ਗਿਆ। ਉਸ ਨੂੰ ਮਰਿਆ ਸਮਝ ਕੇ ਪ੍ਰਿਅੰਕਾ ਚਲੀ ਗਈ। ਇਸ ਮਗਰੋਂ ਸੋਨੂੰ ਨੇ ਪਿੰਡ ਦੇ ਲੋਕਾਂ ਨੂੰ ਸੂਚਨਾ ਦਿੱਤੀ। ਪੁਲਿਸ ਨੇ ਅਸ਼ੀਸ਼ ਡੈਨੀ ਤੇ ਪ੍ਰਿਅੰਕਾ ਨੂੰ ਕਾਬੂ ਕਰ ਲਿਆ। ਜੁਲਾਈ 2024 ਵਿਚ ਇਨ੍ਹਾਂ ਵਿਰੁੱਧ ਦੋਸ਼-ਪੱਤਰ ਤੈਅ ਕੀਤਾ ਗਿਆ। ਵਧੀਕ ਸੈਸ਼ਨ ਜੱਜ ਸੈਫ਼ ਅਹਿਮਦ ਨੇ ਪ੍ਰਿਅੰਕਾ ਨੂੰ ਫਾਂਸੀ ਦੀ ਸਜ਼ਾ ਦੱਤੀ ਤੇ ਢਾਈ ਲੱਖ ਦਾ ਜੁਰਮਾਨਾ ਲਾਇਆ ਜਦਕਿ ਡੈਨੀ ਨੂੰ ਉਮਰਕੈਦ ਤੇ ਇਕ ਲੱਖ ਦਾ ਜੁਰਮਾਨਾ ਲਾਇਆ ਹੈ। ਜੁਰਮਾਨਾ ਨਾ ਦੇਣ ਦੀ ਹਾਲਤ ਵਿਚ ਡੈਨੀ ਨੂੰ ਦੋ ਸਾਲ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ।

Related Articles

Leave a Reply

Your email address will not be published. Required fields are marked *

Back to top button