
ਬਨੂੜ, 14 ਜੂਨ : ਸਥਾਨਕ ਪੁਲਿਸ ਨੇ 25 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਨੂੰ ਕਾਬੂ ਕੀਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਐਸਆਈ ਬਹਾਦਰ ਰਾਮ ਸਮੇਤ ਪੁਲਿਸ ਪਾਰਟੀ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਤੇ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਦੀ ਭਾਲ ਵਿਚ ਗਸਤ ਕਰ ਰਹੇ ਸਨ। ਗਸਤ ਦੌਰਾਨ ਜਦੋਂ ਉਹ ਕੌਮੀ ਮਾਰਗ ‘ਤੇ ਸਥਿਤ ਜਲਾਲਪੁਰ ਟੀ- ਪੁਆਇੰਟ ‘ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਚੈਕਿੰਗ ਦੌਰਾਨ ਜਦੋਂ ਉਨ੍ਹਾਂ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮੌਕੇ ‘ਤੇ ਕਾਬੂ ਕਰਕੇ ਉਸ ਦੇ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੋਜਵਾਨ ਦੀ ਪਛਾਣ ਸਿਮਰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰਬਰ 9 ਅਧੀਨ ਪੈਂਦੇ ਕਾਕੜਾ ਬਸੀ ਬਨੂੜ ਵੱਜੋਂ ਹੋਈ ਹੈ।



