Punjab

22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਲਾਸ਼ ਬਰਾਮਦ, ਪਿਤਾ ਨੇ ਪ੍ਰਗਟਾਇਆ ਕਤਲ ਦਾ ਸ਼ੱਕ

ਭਵਾਨੀਗੜ੍ਹ, 17 ਜੂਨ : ਮੰਗਲਵਾਰ ਸਵੇਰੇ ਸ਼ਹਿਰ ਦੀ ਰਵਿਦਾਸ ਕਲੋਨੀ ਵਿਚ ਸਥਿਤ ਇੱਕ ਘਰ ‘ਚੋਂ 22 ਸਾਲਾ ਨੌਜਵਾਨ ਦੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਮ੍ਰਿਤਕ ਦੇ ਗਲੇ ਵਿਚ ਪਈ ਰੱਸੀ ਕਮਰੇ ਵਿੱਚ ਲੱਗੇ ਪੱਖੇ ਨਾਲ ਬੰਨ੍ਹੀ ਹੋਈ ਮਿਲੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਿਤਾ ਵੱਲੋੰ ਆਪਣੇ ਪੁੱਤ ਦੇ ਕਤਲ ਹੋਣ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ। ਘਟਨਾ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਭੱਟੀਵਾਲ ਖੁਰਦ ਦੇ ਇੱਕ ਡੇਰੇ ਵਿਚ ਸੇਵਾਦਾਰ ਹੈ ਅਤੇ ਡੇਰੇ ‘ਚ ਧਾਰਮਿਕ ਪ੍ਰੋਗਰਾਮ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਡੇਰੇ ਵਿੱਚ ਰਹਿ ਰਿਹਾ ਹੈ। ਜਦੋਂ ਕਿ ਉਸਦਾ ਪੁੱਤ ਗੋਬਿੰਦ ਦਾਸ ਉਰਫ ਗੱਗੂ ਸਾਡੇ ਆਪਣੇ ਘਰ ਰਵਿਦਾਸ ਕਲੋਨੀ ਵਿਚ ਇਕੱਲਾ ਰਹਿੰਦਾ ਸੀ। ਤਰਸੇਮ ਦਾਸ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਉਸਨੇ ਆਪਣੇ ਪੁੱਤ ਗੋਬਿੰਦ ਦਾਸ ਨਾਲ ਫ਼ੋਨ ‘ਤੇ ਗੱਲ ਕੀਤੀ ਸੀ ਪਰ ਬਾਅਦ ਵਿਚ ਉਸਦਾ ਫ਼ੋਨ ਬੰਦ ਹੋ ਗਿਆ ਅਤੇ ਜਦੋਂ ਮੰਗਲਵਾਰ ਸਵੇਰੇ ਵੀ ਉਸਦਾ ਫ਼ੋਨ ਨਹੀਂ ਮਿਲਿਆ ਤਾਂ ਉਸਨੇ ਕਿਸੇ ਵਿਅਕਤੀ ਨੂੰ ਫ਼ੋਨ ਕਰਕੇ ਗੋਬਿੰਦ ਨਾਲ ਗੱਲ ਕਰਵਾਉਣ ਲਈ ਕਿਹਾ। ਜਦੋੰ ਉਹ ਉਨ੍ਹਾਂ ਦੇ ਘਰ ਗਿਆ ਤਾਂ ਉਸਨੇ ਦੇਖਿਆ ਕਿ ਗੋਬਿੰਦ ਦੇ ਗਲੇ ਵਿਚ ਪਈ ਰੱਸੀ ਕਮਰੇ ‘ਚ ਪੱਖੇ ਨਾਲ ਬੰਨ੍ਹੀ ਹੋਈ ਸੀ ਤੇ ਉਹ ਮੰਜੇ ‘ਤੇ ਰੱਖੀ ਕੁਰਸੀ ਉਪਰ ਮ੍ਰਿਤਕ ਹਾਲਤ ਵਿਚ ਪਿਆ ਸੀ। ਤਰਸੇਮ ਦਾਸ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ ‘ਤੇ ਜਦੋੰ ਉਹ ਮੌਕੇ ‘ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਜਿਸ ਕਮਰੇ ਵਿਚ ਉਸਦੇ ਪੁੱਤ ਦੀ ਲਾਸ਼ ਪਈ ਸੀ ਉੱਥੇ ਖਾਣਾ ਅਤੇ ਹੋਰ ਸਾਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ ਅਤੇ ਕਮਰੇ ਦੇ ਅੰਦਰ ਕੰਧ ਤੇ ਲੱਗਿਆ ਨੂੰ ਦੇਖਣ ਵਾਲਾ ਸ਼ੀਸ਼ਾ ਅਤੇ ਕਮਰੇ ਦਾ ਦਰਵਾਜ਼ਾ ਦੋਵੇਂ ਟੁੱਟੇ ਹੋਏ ਸਨ। ਤਰਸੇਮ ਦਾਸ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਇਹ ਮਾਮਲਾ ਖੁਦਕੁਸ਼ੀ ਦਾ ਨਹੀਂ ਲਗਦਾ ਸਗੋਂ ਕਤਲ ਦਾ ਜਾਪਦਾ ਹੈ ਜਿਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ।

ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ : ਥਾਣਾ ਮੁਖੀ

ਉਧਰ, ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋੰ ਅਗਲੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button