
ਬਾਲ ਕਿਸ਼ਨ
ਫਿਰੋਜ਼ਪੁਰ, 30 ਜੂਨ : ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। 30 ਜੂਨ ਨੂੰ ਜ਼ਿਲ੍ਹਾ ਪੁਲਿਸ ਮੁੱਖੀ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਨੇ 2 ਤਸਕਰਾਂ ਨੂੰ ਕਾਬੂ ਕਰਕੇ 1 ਕਿੱਲੋ 798 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਸ਼ਿਆਂ ਦੇ ਵਪਾਰ ਨੂੰ ਜੜ੍ਹੋਂ ਖਤਮ ਕਰਨ ਦੇ ਮਕਸਦ ਨਾਲ ਫਿਰੋਜ਼ਪੁਰ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁੱਖੀ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਦੇ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਦੀ ਟੀਮ ਨੇ ਗਸ਼ਤ ਦੌਰਾਨ ਖਾਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ। ਸੂਚਨਾ ਮਿਲੀ ਸੀ ਕਿ ਜੋਗਿੰਦਰ ਸਿੰਘ ਉਰਫ ਕਾਕਾ ਪੁੱਤਰ ਸ਼ਾਮ ਸਿੰਘ, ਵਾਸੀ ਹਬੀਬ ਵਾਲਾ, ਥਾਣਾ ਸਦਰ ਫਿਰੋਜ਼ਪੁਰ ਅਤੇ ਬਲਵਿੰਦਰ ਸਿੰਘ ਉਰਫ ਰਿੰਕੂ, ਪੁੱਤਰ ਮੋਹਨ ਸਿੰਘ, ਵਾਸੀ ਬੇਦੀ ਕਾਲੋਨੀ ਫੇਜ਼-2, ਫਿਰੋਜ਼ਪੁਰ ਸ਼ਹਿਰ, ਦੋਵੇਂ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ। ਖਾਸ ਮੁਖਬਰ ਦੀ ਸੂਚਨਾ ਅਨੁਸਾਰ, ਇਹ ਦੋਵੇਂ ਵਿਅਕਤੀ ਇੱਕ ਹੀਰੋ ਹੌਂਡਾ ਸਪਲੈਂਡਰ ਮੋਟਰਸਾਈਕਲ (ਨੰਬਰ ਪੀਬੀ 05 ਵੀ 3172) ’ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਪਿੰਡ ਆਰਿਫ ਕੇ ਤੋਂ ਫਿਰੋਜ਼ਪੁਰ ਵੱਲ ਆ ਰਹੇ ਸਨ। ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 1 ਕਿੱਲੋ 798 ਗ੍ਰਾਮ ਹੈਰੋਇਨ ਅਤੇ ਉਕਤ ਮੋਟਰਸਾਈਕਲ ਬਰਾਮਦ ਹੋਇਆ। ਜ਼ਿਲ੍ਹਾ ਪੁਲਿਸ ਮੁੱਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਦੀ ਅਗਵਾਈ ਐੱਸਆਈ ਸੁਖਬੀਰ ਸਿੰਘ ਸੀਆਈਏ ਸਟਾਫ ਨੇ ਕੀਤੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦੋਸ਼ੀਆਂ ਖਿਲਾਫ ਥਾਣਾ ਆਰਿਫ ਕੇ ਵਿੱਚ ਮਾਮਲਾ ਦਰਜ ਕਰਕੇ ਸਖਤ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਆਈ ਅਤੇ ਇਸ ਨੂੰ ਅੱਗੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਵਿਰੁੱਧ ਸੂਚਨਾ ਦੇਣ ਵਿੱਚ ਸਹਿਯੋਗ ਕਰਨ, ਤਾਂ ਜੋ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।



