Punjab

17 ਹਜ਼ਾਰ ਫ਼ਰਜ਼ੀ ਬੈਂਕ ਖਾਤੇ ਖੁਲ੍ਹਵਾ ਕੇ ਦੋ ਸਾਲਾਂ ‘ਚ ਹੋਈ 800 ਕਰੋੜ ਦੀ ਸਾਈਬਰ ਠੱਗੀ

306 ਲੋਕ ਨਾਮਜ਼ਦ

ਜਲੰਧਰ, 26 ਅਗਸਤ : ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈਸੀਸੀਸੀਸੀ) ਨੇ ਪੰਜਾਬ ’ਚ ਚੱਲ ਰਹੇ 17 ਹਜ਼ਾਰ ਤੋਂ ਵੱਧ ਬੈਂਕ ਖਾਤਿਆਂ ਦਾ ਡਾਟਾ ਪੰਜਾਬ ਸਟੇਟ ਸਾਈਬਰ ਕ੍ਰਾਈਮ ਪੁਲਿਸ ਨੂੰ ਦਿੱਤਾ ਹੈ, ਜਿਨ੍ਹਾਂ ਨਾਲ ਕਰੋੜਾਂ ਦੀ ਠੱਗੀ ਹੋਈ ਹੈ। ਪਿਛਲੇ ਦੋ ਸਾਲਾਂ ਵਿਚ ਇਨ੍ਹਾਂ ਬੈਂਕ ਖਾਤਿਆਂ ਰਾਹੀਂ 800 ਕਰੋੜ ਤੋਂ ਵੱਧ ਦੀ ਠੱਗੀ ਹੋਣ ਦਾ ਅੰਦਾਜ਼ਾ ਹੈ। ਸਟੇਟ ਸਾਈਬਰ ਕ੍ਰਾਈਮ ਪੁਲਿਸ ਨੇ 5,836 ਬੈਂਕ ਖਾਤਿਆਂ ਨੂੰ ਸਰਵੀਲੈਂਸ ’ਤੇ ਰੱਖਿਆ ਅਤੇ 306 ’ਤੇ ਐੱਫਆਈਆਰ ਦਰਜ ਕੀਤੀ। ਇਸ ਵਿਚ 10 ਕਰੋੜ ਦੀ ਠੱਗੀ ਦਾ ਪਤਾ ਲੱਗਿਆ ਹੈ। ਹੁਣ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਡਾਟਾ ਭੇਜ ਕੇ ਫ਼ਰਜ਼ੀ ਬੈਂਕ ਖਾਤਿਆਂ ’ਤੇ ਮਾਮਲੇ ਦਰਜ ਕਰਨ ਲਈ ਕਿਹਾ ਹੈ। ਸਟੇਟ ਸਾਈਬਰ ਕ੍ਰਾਈਮ ਦੀ ਵਿਸ਼ੇਸ਼ ਡੀਜੀਪੀ ਵੀ ਨੀਰਜਾ ਨੇ ਕਿਹਾ ਕਿ ਅਜਿਹੇ ਖਾਤਿਆਂ ਰਾਹੀਂ ਕ੍ਰਿਪਟੋ ਕਰੰਸੀ ਜ਼ਰੀਏ ਪੈਸਾ ਵਿਦੇਸ਼ ਭੇਜਿਆ ਗਿਆ ਹੈ, ਜਿਸ ਦੀ ਜਾਂਚ ਜਾਰੀ ਹੈ। ਸਟੇਟ ਸਾਈਬਰ ਕ੍ਰਾਈਮ ਸੈੱਲ ਦੇ ਐੱਸਪੀ ਜਸ਼ਨ ਗਿੱਲ ਨੇ ਕਿਹਾ ਕਿ ਇਹ ਮਾਮਲੇ ਕਈ ਸੌ ਕਰੋੜ ਦੇ ਘੁਟਾਲੇ ਤੱਕ ਪਹੁੰਚ ਸਕਦੇ ਹਨ। ਆਈਸੀਸੀਸੀਸੀ ਨੇ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ’ਤੇ ਸਰਵੀਲੈਂਸ ਰੱਖਿਆ ਤਾਂ ਪੰਜਾਬ ਦੇ ਇਨ੍ਹਾਂ ਫ਼ਰਜ਼ੀ ਬੈਂਕ ਖਾਤਿਆਂ ਦਾ ਪਤਾ ਲੱਗਿਆ। ਇਨ੍ਹਾਂ ਖਾਤਿਆਂ ਦਾ ਡਾਟਾ ਪਿਛਲੇ ਦੋ ਸਾਲਾਂ ਦਾ ਹੈ। ਐੱਸਪੀ ਗਿੱਲ ਨੇ ਕਿਹਾ ਕਿ 17,000 ਫ਼ਰਜ਼ੀ ਬੈਂਕ ਖਾਤਿਆਂ ਦਾ ਅੰਕੜਾ ਵੱਡਾ ਸੀ, ਜਿਸ ਦੀ ਜਾਂਚ ਕਰਨ ਵਿਚ ਮਹੀਨੇ ਲੱਗ ਸਕਦੇ ਸਨ, ਇਸ ਲਈ ਪਹਿਲਾਂ ਉਨ੍ਹਾਂ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਪਹਿਲੀ ਲੇਅਰ ਵਿਚ ਆਉਂਦੇ ਹਨ, ਜਿਨ੍ਹਾਂ ਵਿਚ ਠੱਗੀ ਦੇ ਨਾਲ-ਨਾਲ ਪੈਸਾ ਵੀ ਪਹੁੰਚ ਗਿਆ। ਅਜਿਹੇ ਸਾਰੇ ਖਾਤਾ ਚਲਾਉਣ ਵਾਲਿਆਂ ’ਤੇ ਮਾਮਲੇ ਦਰਜ ਕਰਨ ਲਈ ਰਾਜ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਿਹਾ ਗਿਆ ਹੈ। ਇਸ ਤੋਂ ਬਾਅਦ ਦੂਜੀ ਲੇਅਰ ਫਿਰ ਤੀਜੀ ਲੇਅਰ ਵਿਚ ਉਹ ਖਾਤੇ ਆਉਂਦੇ ਹਨ, ਜਿਨ੍ਹਾਂ ਕੋਲ ਬਾਅਦ ਵਿਚ ਪੈਸਾ ਪਹੁੰਚਿਆ।

ਮਿਊਲ ਖਾਤੇ

ਠੱਗੀ ਲਈ ਵਰਤੇ ਗਏ ਬੈਂਕ ਖਾਤੇ ਨੂੰ ਮਿਊਲ ਖਾਤਾ ਕਿਹਾ ਜਾਂਦਾ ਹੈ। ਇਹ ਖਾਤੇ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਲਾਲਚ ਦੇ ਕੇ ਖੁੱਲ੍ਹਵਾਏ ਜਾਂਦੇ ਹਨ। ਖਾਤਾ ਧਾਰਕ ਦੇ ਨਾਂ ’ਤੇ ਸਿਮ ਲੈ ਕੇ ਮੋਬਾਈਲ ਨੰਬਰ ਨੂੰ ਆਨਲਾਈਨ ਜੋੜ ਦਿੱਤਾ ਜਾਂਦਾ ਹੈ। ਸਾਈਬਰ ਠੱਗ ਉਸੇ ਸਿਮ ਨੰਬਰ ਤੋਂ ਆਪਣੇ ਮੋਬਾਈਲ ’ਤੇ ਗੂਗਲ ਪੇ ਵਰਗੀਆਂ ਸੁਵਿਧਾਵਾਂ ਅਪਲੋਡ ਕਰ ਲੈਂਦੇ ਹਨ ਅਤੇ ਸਿਮ ਨੂੰ ਤੋੜ ਦਿੰਦੇ ਹਨ। ਮੋਬਾਈਲ ਨੰਬਰ ਨਾਲ ਜੁੜੇ ਹੋਣ ਕਾਰਨ ਠੱਗ ਉਸ ਨੂੰ ਖ਼ੁਦ ਚਲਾਉਂਦੇ ਹਨ। ਇਸ ਦੇ ਬਦਲੇ ਵਿਚ ਖਾਤਾ ਧਾਰਕ ਨੂੰ ਠੱਗੀ ਦੀ ਰਕਮ ਦਾ ਕੁਝ ਹਿੱਸਾ ਦਿੱਤਾ ਜਾਂਦਾ ਹੈ। ਸ਼ਿਕਾਇਤ ਹੋਣ ’ਤੇ ਇਹ ਖਾਤੇ ਬੰਦ ਹੋ ਜਾਂਦੇ ਹਨ।

ਨਸ਼ਾ ਕਰਨ ਵਾਲੇ ਅਤੇ ਜ਼ਰੂਰਤਮੰਦ ਵੱਧ ਸ਼ਿਕਾਰ

ਸਾਈਬਰ ਠੱਗੀ ਦੇ ਇਸ ਨੈੱਟਵਰਕ ਵਿਚ ਉਹ ਲੋਕ ਕੰਮ ਕਰਦੇ ਹਨ ਜੋ ਸਿਰਫ਼ ਉਨ੍ਹਾਂ ਨੂੰ ਲੱਭਦੇ ਹਨ ਜੋ ਆਪਣੀ ਜ਼ਰੂਰਤ ਲਈ ਦੂਜੇ ਨੂੰ ਖਾਤਾ ਚਲਾਉਣ ਦੀ ਮਨਜ਼ੂਰੀ ਦਿੰਦੇ ਹਨ। ਅਕਸਰ ਆਪਣੇ ਸਰਕਲ ਵਿਚ ਇਹ ਲੋਕ ਉਨ੍ਹਾਂ ਨੂੰ ਲੱਭਦੇ ਹਨ ਜੋ ਨਸ਼ਾ ਕਰਦੇ ਹਨ ਅਤੇ ਜਿਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ। ਦੂਜੇ ਉਹ ਜੋ ਬਹੁਤ ਗਰੀਬ ਹਨ ਅਤੇ ਪੈਸਾ ਲੈਣਾ ਚਾਹੁੰਦੇ ਹਨ। ਅਜਿਹੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਦਾ ਖਾਤਾ ਖੁੱਲ੍ਹਵਾਇਆ ਜਾਂਦਾ ਹੈ ਜਾਂ ਜਿਨ੍ਹਾਂ ਦਾ ਪਹਿਲਾਂ ਤੋਂ ਖੁੱਲ੍ਹਾ ਹੁੰਦਾ ਹੈ, ਨੂੰ ਆਨਲਾਈਨ ਨਾਲ ਜੋੜ ਕੇ ਖ਼ੁਦ ਖਾਤਾ ਚਲਾਉਂਦੇ ਹਨ।

ਲੰਬੀ ਚੱਲਦੀ ਹੈ ਜਾਂਚ

ਜੇ ਸਾਈਬਰ ਠੱਗੀ ਦੀ ਇਕ ਘੰਟੇ ਵਿਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਇਸ ਨੂੰ ਪਲੈਟੀਨਮ ਘੰਟਾ ਕਿਹਾ ਜਾਂਦਾ ਹੈ, ਜਿਸ ਵਿਚ ਪੁਲਿਸ ਉਸ ਖਾਤੇ ਨੂੰ ਫ੍ਰੀਜ਼ ਕਰ ਦਿੰਦੀ ਹੈ, ਜਿੱਥੇ ਪੈਸੇ ਗਏ ਹਨ ਅਤੇ ਠੱਗੀ ਦਾ ਪੈਸਾ ਅੱਗੇ ਨਹੀਂ ਪਹੁੰਚਦਾ। ਅਗਲੇ ਚਾਰ ਘੰਟੇ ਨੂੰ ਗੋਲਡਨ ਕਿਹਾ ਜਾਂਦਾ ਹੈ, ਜਿਸ ਤਹਿਤ ਇਕ ਖਾਤੇ ਤੋਂ ਠੱਗੀ ਦੀ ਰਕਮ ਦੂਜੇ ਖਾਤਿਆਂ ਵਿਚ ਪਹੁੰਚਣ ਦੇ ਬਾਵਜੂਦ ਫ੍ਰੀਜ਼ ਹੋ ਜਾਂਦੀ ਹੈ। ਜੇ ਇਹ ਸਮਾਂ ਨਿਕਲ ਜਾਂਦਾ ਹੈ ਤਾਂ ਜਾਂਚ ਲੰਬੀ ਚੱਲਦੀ ਹੈ। ਪੁਲਿਸ ਹਰ ਉਸ ਖਾਤਾਧਾਰਕ ਦਾ ਆਈਪੀ ਐਡਰੈੱਸ ਕੱਢਦੀ ਹੈ ਜਿਨ੍ਹਾਂ ਦੇ ਖਾਤਿਆਂ ਵਿਚ ਪੈਸਾ ਗਿਆ। ਅਕਸਰ ਅਜਿਹੇ ਠੱਗ ਦੂਸਰੇ ਰਾਜਾਂ ਤੋਂ ਹੁੰਦੇ ਹਨ, ਜਿੱਥੇ ਪਹੁੰਚਣ ਵਿਚ ਸਮਾਂ ਲੱਗ ਜਾਂਦਾ ਹੈ।

ਕ੍ਰਿਪਟੋ ਕਰੰਸੀ ਰਾਹੀਂ ਵਿਦੇਸ਼ ਪੁੱਜਾ ਠੱਗੀ ਦਾ ਪੈਸਾ

ਸਾਈਬਰ ਕ੍ਰਾਈਮ ਪੰਜਾਬ ਦੀ ਵਿਸ਼ੇਸ਼ ਡੀਜੀਪੀ ਵੀ ਨੀਰਜਾ ਨੇ ਕਿਹਾ ਕਿ ਅਜਿਹੇ ਖਾਤਿਆਂ ਰਾਹੀਂ ਕ੍ਰਿਪਟੋ ਕਰੰਸੀ ਜ਼ਰੀਏ ਪੈਸਾ ਵਿਦੇਸ਼ ਭੇਜਿਆ ਜਾਂਦਾ ਰਿਹਾ ਹੈ। ਜਾਂਚ ਹਾਲੇ ਵੀ ਜਾਰੀ ਹੈ। ਭਾਰਤੀ ਰਿਜ਼ਰਵ ਬੈਂਕ ਨੂੰ ਲਿਖ ਕੇ ਮੰਗ ਕੀਤੀ ਗਈ ਹੈ ਕਿ ਆਨਲਾਈਨ ਪੈਸਾ ਟ੍ਰਾਂਸਫਰ ਕਰਨ ਦੀ ਹੱਦ ਘੱਟ ਕੀਤੀ ਜਾਵੇ, ਤਾਂ ਜੋ ਉਪਭੋਗਤਾ ਜ਼ਿਆਦਾ ਪੈਸੇ ਦੀ ਜ਼ਰੂਰਤ ਪੈਣ ’ਤੇ ਖ਼ੁਦ ਬੈਂਕ ਜਾ ਕੇ ਪੈਸਾ ਲੈ ਸਕਣ। ਇਸ ਨਾਲ ਸਾਈਬਰ ਠੱਗੀ ਦੀਆਂ ਸੰਭਾਵਨਾਵਾਂ ਘਟਣਗੀਆਂ।

Related Articles

Leave a Reply

Your email address will not be published. Required fields are marked *

Back to top button