
ਬਠਿੰਡਾ, 20 ਮਾਰਚ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ, ਰੋਇੰਗ ਐਸੋਸ਼ੀਏਸ਼ਨ ਬਠਿੰਡਾ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਝੀਲ ਨੰਬਰ 3 ਵਿਖੇ 28 ਅਤੇ 29 ਮਾਰਚ ਨੂੰ ਕਰਵਾਈ ਜਾ ਰਹੀ ਪਹਿਲੀ ਵਾਰ 16ਵੀਂ ਰਾਜ ਪੱਧਰੀ ਸੀਨੀਅਰ ਤੇ ਜੂਨੀਅਰ ਰੋਇੰਗ ਚੈਂਪੀਅਨਸ਼ਿਪ ਦੀਆਂ ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ–ਨਿਰਦੇਸ਼ ਵੀ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਲਾਜ਼ਮੀ ਬਣਾਏ ਜਾਣ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਵਾਲੀ ਥਾਂ ’ਤੇ ਖਿਡਾਰੀਆਂ ਲਈ ਸਾਫ ਪੀਣ ਯੋਗ ਪਾਣੀ, ਉਨ੍ਹਾਂ ਦਾ ਰਹਿਣ-ਸਹਿਣ, ਖਾਣ-ਪੀਣ, ਮੈਡੀਕਲ ਟੀਮਾਂ, ਆਰਜੀ ਪਖਾਨੇ ਅਤੇ ਸਿਕਿਉਰਟੀ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰਨੇ ਲਾਜ਼ਮੀ ਬਣਾਏ ਜਾਣ।ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੌਰਾਨ ਪੰਜਾਬ ਭਰ ਤੋਂ ਲਗਭਗ 150 ਖਿਡਾਰੀਆਂ ਵਲੋਂ ਭਾਗ ਲਿਆ ਜਾਵੇਗਾ। ਇਸ ਦੌਰਾਨ ਸੀਨੀਅਰ ਅਤੇ ਜੂਨੀਅਰ ਵਰਗ ਦੇ 1000 ਮੀਟਰ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਦੌਰਾਨ ਸਹਾਇਕ ਕਮਿਸ਼ਨਰ (ਜਨਰਲ)-ਕਮ-ਐਸਡੀਐਮ ਰਾਮਪੁਰਾ ਸ੍ਰੀ ਗਗਨਦੀਪ ਸਿੰਘ, ਪੰਜਾਬ ਰੋਇੰਗ ਐਸੋਸ਼ੀਏਸ਼ਨ ਦੇ ਜਰਨਲ ਸਕੱਤਰ ਸ ਜਸਬੀਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।



