150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪਟਿਆਲਾ ਪੁਲਿਸ ਨੇ ਕੀਤੇ 9 ਮੁਲਜ਼ਮ ਗ੍ਰਿਫਤਾਰ

ਪਟਿਆਲਾ, 21 ਜੂਨ : ਪਟਿਆਲਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜਾਅਲੀ ਜ਼ਮਾਨਤਾਂ ਕਰਾਉਣ ਵਾਲੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਨ੍ਹਾਂ ਕੋਲੋਂ 4 ਜਾਅਲੀ ਮੋਹਰਾਂ, 22 ਫ਼ਰਦਾਂ, ਅਧਾਰ ਕਾਰਡ ਅਤੇ ਹੋਰ ਦਸਤਾਵੇਜ ਵੀ ਬਰਾਮਦ ਹੋਣ ਸਮੇਤ ਜਾਅਲੀ ਦਸਤਾਵੇਜ ਤਿਆਰ ਕਰਨ ਲਈ ਇਕ ਟੈਬ ਸੈਮਸੰਗ, ਇਕ ਮੈਮਰੀਕਾਰਡ ਤੇ ਇਕ ਕਾਰ ਵੀ ਬਰਾਮਦ ਹੋਈ ਹੈ। ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਐਸਪੀ ਜਾਂਚ ਰਾਜੇਸ ਕੁਮਾਰ ਮਲਹੋਤਰਾ ਦੀ ਅਗਵਾਈ ਵਿੱਚ ਸੀਆਈਏ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਾਲੀ ਟੀਮ ਨੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਰੇਨੂੰ ਕਾਂਤ ਗਿਰੋਹ ਦਾ ਪਰਦਾਫਾਸ ਕਰਕੇ 20 ਜੂਨ 2025 ਨੂੰ ਰੇਨੂੰ ਕਾਂਤ, ਸਤਪਾਲ ਉਰਫ ਸੰਨੀ, ਗੁਰਦੀਪ ਸਿੰਘ ਉਰਫ ਰਵੀ, ਹਾਕਮ ਸਿੰਘ, ਕੁਲਵਿੰਦਰ ਸਿੰਘ ੳਰਰਫ ਰੋਹਿਤ ਨੂੰ ਨੇੜੇ ਬਾਰਾਦਰੀ ਨੇੜੇ ਲੇਬਰ ਕੋਰਟ ਤੋਂ ਗ੍ਰਿਫ਼ਤਾਰ ਗ੍ਰਿਫਤਾਰ ਕੀਤਾ ਗਿਆ ਅਤੇ ਸੰਦੀਪ ਸਿੰਘ ਉਰਫ ਗੱਗੀ, ਲਵਪ੍ਰੀਤ ਸਿੰਘ ਲਵੀ, ਧੀਰਾ ਸਿੰਘ ਅਤੇ ਜਗਦੀਪ ਸਿੰਘ ਉਰਫ ਦੀਪ ਨੂੰ ਮਿਤੀ 21 ਜੂਨ 2025 ਨੂੰ ਨੇੜੇ ਪੁਰਾਣਾ ਬੱਸ ਅੱਡਾ ਵਿਕਾਸ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ। ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਰੇਨੂੰ ਕਾਂਤ ਹੈ ਅਤੇ ਇਸ ਗਿਰੋਹ ਦੇ ਕਈ ਮੈਬਰਾਂ ਖਿਲਾਫ਼ ਪਹਿਲਾਂ ਹੀ ਧੋਖਾਧੜੀ ਅਤੇ ਹੋਰ ਜੁਰਮਾਂ ਤਹਿਤ ਮੁਕੱਦਮੇ ਦਰਜ ਹਨ। ਇਹ ਗਿਰੋਹ ਜੇਲ ਵਿੱਚ ਬੰਦ ਅਪਰਾਧੀਆਂ, ਜਿਹਨਾ ਦੀ ਅਦਾਲਤਾਂ ਤੋਂ ਜ਼ਮਾਨਤਾਂ ਹੋ ਜਾਂਦੀਆਂ ਸਨ ਤਾਂ ਉਹਨਾਂ ਮੁਲਜਮਾਂ ਨਾਲ ਸੰਪਰਕ ਕਰਕੇ ਜਮਾਨਤਾਂ ਭਰਾਉਣ ਲਈ ਮਾਲ ਮਹਿਕਮੇ ਵਿੱਚ ਆਨ ਲਾਇਨ ਫਰਦਾਂ ਕਢਾਉਣ ਲਈ ਟੋਕਨ ਹਾਸਲ ਕਰਨ ਲਈ ਅਪਲਾਈ ਕਰਦੇ ਹਨ। ਫਰਦ ਕਢਾਉਣ ਲਈ ਤਹਿਸੀਲਦਾਰ ਦੀ ਜਾਅਲੀ ਮੋਹਰ ਅਤੇ ਦਸਤਖਤ ਕਰਕੇ ਹਲਕਾ ਪਟਵਾਰੀ ਦੀ ਰਿਪੋਰਟ ਜਾਅਲੀ ਤਿਆਰ ਕਰਕੇ ਫ਼ਰਦਾਂ ਕਢਵਾ ਲੈਂਦੇ ਸੀ। ਫਿਰ ਪੰਚਾਇਤ ਮੈਬਰ (ਪੰਚ) ਦਾ ਸ਼ਨਾਖ਼ਤੀ ਕਾਰਡ ਜਾਅਲੀ ਤਿਆਰ ਕਰਕੇ ਬੀਡੀਪੀਓ ਦੀ ਜਾਅਲੀ ਮੋਹਰਾਂ ਲਾਕੇ, ਜਾਅਲੀ ਦਸਤਖਤ ਕਰਕੇ ਜਾਅਲੀ ਸ਼ਨਾਖ਼ਤੀ ਕਾਰਡ ਤਿਆਰ ਕਰਦੇ ਸੀ। ਫਰਦ ਵਾਲੇ ਅਸਲ ਵਿਅਕਤੀ ਦੀ ਜਗਾ ਪਰ ਆਪਣੇ ਗਿਰੋਹ ਦੇ ਮੈਬਰਾਂ ਦੀ ਫੋਟੋਆਂ ਲਗਾਕੇ ਸਾਰੇ ਸਬੰਧਤ ਕਾਗਜ਼ਾਤ ਤਿਆਰ ਕਰਕੇ ਸਬੰਧਤ ਮਾਨਯੋਗ ਅਦਾਲਤ ਤੋਂ ਦੋਸੀਆਨ ਦੀ ਜਮਾਨਤਾਂ ਭਰਾਉਦੇ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪਿਛਲੇ ਅਰਸੇ ਦੌਰਾਨ 150 ਤੋਂ ਵੱਧ ਨਸ਼ਾ ਤਸਕਰ, ਇਰਾਦਾ ਕਤਲ ਅਤੇ ਹੋਰ ਸੰਗੀਨ ਜੁਰਮਾਂ ਦੇ ਦੋਸੀਆਨ ਦੀਆਂ ਜਾਅਲੀ ਜ਼ਮਾਨਤਾਂ ਭਰਾਈਆਂ ਹਨ ਅਤੇ ਇੰਨ੍ਹਾਂ ਵੱਲੋਂ ਜਾਅਲੀ ਜ਼ਮਾਨਤਾਂ ਭਰਾਉਣ ਨਾਲ ਵਾਰ ਵਾਰ ਜੁਰਮ ਕਰਨ ਵਾਲੇ ਨਸ਼ਾ ਤਸਕਰ ਅਤੇ ਹੋਰ ਅਪਰਾਧੀ ਜੇਲਾਂ ਵਿੱਚ ਬਾਹਰ ਆਏ ਹਨ। ਐੱਸ.ਐੱਸ.ਪੀ ਨੇ ਦੱਸਿਆ ਕਿ ਜਮਾਨਤ ਭਰਾਉਣ ਸਮੇਂ ਕੋਰਟ ਦੀ ਵੈਬਸਾਇਟ ਤੋ ਓਟੀਪੀ ਜਾਰੀ ਹੁੰਦਾ ਹੈ ਜੋ ਉਹ ਓਟੀਪੀ ਨੂੰ ਮਿਲੀਭੁਗਤ ਅਤੇ ਜਾਅਲਸਾਜੀ ਕਰਕੇ ਹਾਸਲ ਕਰਦੇ ਹਨ ਇਸ ਬਾਰੇ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।



