Punjab

15 ਸਾਲ ਪੁਰਾਣੇ ਕਤਲ ਕੇਸ ’ਚ ਮੁਹਾਲੀ ਦਾ ਮੇਅਰ ਬਰੀ

ਐੱਸਏਐੱਸ ਨਗਰ, 21 ਦਸੰਬਰ : ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸ਼ਨਿੱਚਰਵਾਰ ਨੂੰ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਉਰਫ਼ ਜੀਤੀ ਸਿੱਧੂ ਨੂੰ ਕਤਲ ਦੇ ਇਕ ਪੁਰਾਣੇ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਮੇਅਰ ਦੇ ਇਸ ਕਤਲ ਵਿਚ ਸ਼ਾਮਲ ਹੋਣ ਨੂੰ ਲੈ ਕੇ ਪੇਸ਼ ਕੀਤੇ ਗਏ ਸਬੂਤ ਦੋਸ਼ ਸਾਬਤ ਕਰਨ ਲਈ ਕਾਫ਼ੀ ਨਹੀਂ ਹਨ।

ਕੀ ਸੀ ਪੂਰਾ ਮਾਮਲਾ

ਇਹ ਮਾਮਲਾ ਲਗਭਗ 15 ਸਾਲ ਪੁਰਾਣਾ ਹੈ। 19 ਦਸੰਬਰ 2010 ਨੂੰ ਖਰੜ ਦੇ ਪਿੰਡ ਬਲਿਆਲੀ ਵਿਚ ਪਰਿਵਾਰਕ ਰੰਜਿਸ਼ ਕਾਰਨ ਰਤਨ ਸਿੰਘ ਨਾਮਕ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ ‘ਤੇ ਤਤਕਾਲੀ ਸਰਪੰਚ ਕੁਲਵੰਤ ਸਿੰਘ ਅਤੇ ਦਿਲਾਵਰ ਸਿੰਘ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿਚ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਸ ਕਤਲ ਦੀ ਸਾਜ਼ਿਸ਼ ਵਿਚ ਤਤਕਾਲੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਭਰਾ ਜੀਤੀ ਸਿੱਧੂ ਦੀ ਵੀ ਭੂਮਿਕਾ ਸੀ।

ਹਾਈ ਕੋਰਟ ਦੇ ਹੁਕਮਾਂ ‘ਤੇ ਹੋਈ ਸੀ ਸੀਬੀਆਈ ਜਾਂਚ

ਪੰਜਾਬ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈ ਕੋਰਟ ਦੇ ਹੁਕਮਾਂ ‘ਤੇ 12 ਅਕਤੂਬਰ 2012 ਨੂੰ ਇਹ ਕੇਸ ਸੀਬੀਆਈ ਨੂੰ ਸੌਪ ਦਿੱਤਾ ਗਿਆ ਸੀ। ਸੀਬੀਆਈ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸ਼ੁਰੂਆਤੀ ਪੁਲਿਸ ਜਾਂਚ ਵਿਚ ਕਈ ਗੰਭੀਰ ਖਾਮੀਆਂ ਸਨ, ਜਿਵੇਂ ਕਿ ਗਵਾਹਾਂ ਦੇ ਬਿਆਨ ਦਰਜ ਨਾ ਕਰਨਾ ਅਤੇ ਹਥਿਆਰਾਂ ਦੀ ਫੋਰੈਂਸਿਕ ਜਾਂਚ ਨਾ ਕਰਵਾਉਣਾ।

ਸਿਆਸੀ ਪਿਛੋਕੜ ਅਤੇ ਮੌਜੂਦਾ ਸਥਿਤੀ

ਅਮਰਜੀਤ ਸਿੰਘ ਜੀਤੀ ਸਿੱਧੂ ਮੁਹਾਲੀ ਦੀ ਸਿਆਸਤ ਦਾ ਇਕ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ। ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਪਰ ਬਾਅਦ ਵਿਚ ਉਹ ਮੁੜ ਕਾਂਗਰਸ ਵਿਚ ਵਾਪਸ ਆ ਗਏ। ਮੇਅਰ ਵਜੋਂ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ, ਸਫ਼ਾਈ ਵਿਵਸਥਾ ਅਤੇ ਸੜਕਾਂ ਦੇ ਸੁਧਾਰ ਲਈ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ੈਸਲੇ ਨਾਲ ਜਿੱਥੇ ਸਿੱਧੂ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਉਨ੍ਹਾਂ ਦੇ ਸਿਆਸੀ ਕੱਦ ਵਿਚ ਵੀ ਵਾਧਾ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button