
ਲੁਧਿਆਣਾ, 6 ਮਾਰਚ : ਸਾਲ 2021 ਦੌਰਾਨ ਏਟੀਐਮ ਮਸ਼ੀਨਾਂ ਨਾਲ ਤਕਨੀਕੀ ਛੇੜਛਾੜ ਕਰ ਕੇ ਵੱਡੇ ਪੱਧਰ ‘ਤੇ ਧੋਖਾਧੜੀ ਕਰਨ ਵਾਲੇ ਗਿਰੋਹ ਖਿਲਾਫ ਹੁਣ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗੀਆਂ ਕਰੀਬ 119 ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਕੇ ਅਣਪਛਾਤੇ ਮੁਲਜ਼ਮਾਂ ਨੇ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਕੀਤੀ ਸੀ। ਇਸ ਹਾਈ-ਟੈਕ ਲੁੱਟ ਦੇ ਮਾਮਲੇ ਵਿੱਚ ਹੁਣ ਸੈਸ਼ਨ ਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਸਾਈਬਰ ਕਰਾਈਮ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸਟੇਟ ਬੈਂਕ ਆਫ ਇੰਡੀਆ ਦੀ ਟ੍ਰੇਜ਼ਰੀ ਬ੍ਰਾਂਚ ਦੇ ਮੈਨੇਜਰ ਅਵਿਨਾਸ਼ ਕੁਮਾਰ ਵੱਲੋਂ ਦਿੱਤੀ ਅਰਜ਼ੀ ਵਿੱਚ ਦੱਸਿਆ ਗਿਆ ਹੈ ਕਿ ਠੱਗੀ ਦੀ ਇਹ ਖੇਡ ਸਾਲ 2021 ਵਿੱਚ ਖੇਡੀ ਗਈ। ਅਰਜ਼ੀ ਮੁਤਾਬਕ ਸ਼ਾਤਿਰ ਠੱਗਾਂ ਨੇ ਲੁਧਿਆਣਾ ਦੀ ਕਾਨੂੰਨ-ਵਿਵਸਥਾ ਨੂੰ ਟਿਚ ਜਾਣਦੇ ਹੋਏ ਇੱਕ ਤੋਂ ਬਾਅਦ ਇੱਕ ਕੁੱਲ 119 ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨਾਲ ਤਕਨੀਕੀ ਛੇੜਛਾੜ ਕਰਕੇ ਧੋਖਾਧੜੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਕਾਰਨ ਬੈਂਕਾਂ ਅਤੇ ਖਾਤਾਧਾਰਕਾਂ ਨੂੰ ਭਾਰੀ ਆਰਥਿਕ ਨੁਕਸਾਨ ਝਲਣਾ ਪਿਆ। ਉਸ ਵੇਲੇ ਇਹ ਮਾਮਲਾ ਹੱਲ ਨਹੀਂ ਹੋ ਸਕਿਆ ਸੀ।ਪਰ ਹੁਣ ਲੁਧਿਆਣਾ ਸੈਸ਼ਨ ਕੋਰਟ ਦੇ ਦਖਲ ਅਤੇ ਮਾਣਯੋਗ ਜੱਜ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਮੁੜ ਸ਼ੁਰੂ ਕਰ ਦਿੱਤੀ ਹੈ।



