112 ਡਾਇਲ ਕਰਕੇ ਸਾਈਬਰ ਧੋਖਾਧੜੀ ਤੇ ਹਾਈਵੇ ਐਮਰਜੈਂਸੀ ਦੀ ਹੋ ਸਕੇਗੀ ਰਿਪੋਰਟ
ਪੰਜਾਬ ਪੁਲਿਸ ਤੇ NHAI ਦਾ ਵਿਸ਼ੇਸ਼ ਉਪਰਾਲਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 22 ਅਗਸਤ : ਪੰਜਾਬ ਪੁਲਿਸ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਹੈਲਪਲਾਈਨ 1033 ਤੇ ਸਾਈਬਰ ਕ੍ਰਾਈਮ ਹੈਲਪਲਾਈਨ 1930 ਨੂੰ ਏਕੀਕ੍ਰਿਤ ਕਰਕੇ ਹੁਣ ਡਾਇਲ 112 ਨਾਲ ਜੋੜ ਦਿੱਤਾ ਹੈ। ਪੰਜਾਬ ਦੇ ਨਾਗਰਿਕ ਹੁਣ ਹਾਈਵੇ ਹਾਦਸਿਆਂ, ਵਾਹਨਾਂ ਸਬੰਧੀ ਦਿੱਕਤਾਂ ਦੇ ਨਾਲ-ਨਾਲ ਵਿੱਤੀ ਧੋਖਾਧੜੀ ਤੇ ਸਾਈਬਰ ਅਪਰਾਧਾਂ ਦੀ ਰਿਪੋਰਟ ਸਿਰਫ਼ 112 ਡਾਇਲ ਕਰ ਕੇ ਦੇ ਸਕਦੇ ਹਨ। ਵਿਸ਼ੇਸ਼ ਡੀਜੀਪੀ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਕਿਹਾ ਕਿ ਵਿਅਕਤੀ ਕਿਸੇ ਮੁਸੀਬਤ ਵਿਚ ਫਸਿਆ ਜਾਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੈ ਤਾਂ ਸਿਰਫ਼ 112 ’ਤੇ ਕਾਲ ਨਾਲ ਹੀ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 112 ਜਾਂ 1033 ’ਤੇ ਡਾਇਲ ਕਰਨ ਵਾਲੀਆਂ ਸਾਰੀਆਂ ਹਾਈਵੇਅ ਡਿਸਟਰੈਸ ਕਾਲਾਂ ਹੁਣ ਪੁਲਿਸ ਸਰੋਤਾਂ ਤੇ ਐੱਨਐੱਚਏਆਈ ਦੋਵਾਂ ਨਾਲ ਜੋੜ ਦਿੱਤੀਆਂ ਗਈਆਂ ਹਨ ਤਾਂ ਜੋ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਸਕੇ। ਇਸ ਤੋਂ ਇਲਾਵਾ, ਸਾਈਬਰ ਅਪਰਾਧ ਦੇ ਪੀੜਤ 112 ਜਾਂ 1930 ’ਤੇ ਡਾਇਲ ਕਰ ਸਕਦੇ ਹਨ। ਡਾਇਲ 112 ਨੂੰ ਪੰਜਾਬ ਦੇ ਐਮਰਜੈਂਸੀ ਪ੍ਰਤੀਕਿਰਿਆ ਦਾ ਧੁਰਾ ਦੱਸਦੇ ਹੋਏ ਕਿਹਾ ਕਿ ਪੁਲਿਸ, ਫਾਇਰ, ਐਂਬੂਲੈੱਸ, ਆਫ਼ਤ, ਹਾਈਵੇਅ ਸੁਰੱਖਿਆ ਤੇ ਸਾਈਬਰ ਅਪਰਾਧ ਨੂੰ ਇੱਕੋ ਥਾਂ ’ਤੇ ਕਵਰ ਕਰਦਾ ਹੈ। ਇਹ ਕਦਮ ਨਾਗਰਿਕਾਂ ਦੀਆਂ ਮਹੱਤਵਪੂਰਨ ਸੇਵਾਵਾਂ ਤੱਕ ਪਹੁੰਚ ਵਧਾਉਣ ਤੇ ਵਿਸ਼ੇਸ਼ ਤੌਰ ’ਤੇ ਹਾਈਵੇਅ ਤੇ ਸਾਈਬਰ ਅਪਰਾਧ ਸਬੰਧੀ ਮਾਮਲਿਆਂ ਵਿਚ ਪ੍ਰਤੀਕਿਰਿਆ ਸਮੇਂ ਨੂੰ ਘਟਾਉਣ ਵਿਚ ਇੱਕ ਵੱਡੀ ਪੁਲਾਂਘ ਹੈ।



